ਵੋਟਾਂ ਦੇ ਬਾਈਕਾਟ ਦਾ ਦਿੱਤਾ ਸੱਦਾ
ਫਿਲੌਰ, 30 ਮਈ- ਪਿੰਡ ਦੁਸਾਂਝ ਖੁਰਦ ਦਾ ਰੇਲਵੇ ਫਾਟਕ ਐੱਸ 85 ਪਿਛਲੇ ਛੇ ਦਿਨ੍ਹਾਂ ਤੋਂ ਬੰਦ ਪਿਆ ਹੈ। ਛੇ ਦਿਨ੍ਹਾਂ ਤੋਂ ਆਲੇ ਦੁਆਲੇ ਦੇ ਦਸ ਪਿੰਡਾਂ ਦੇ ਆਮ ਲੋਕ ਦੂਜੇ ਪਿੰਡਾਂ ਵਿੱਚ ਦੀ ਘੁੰਮ ਘੁੰਮ ਕੇ ਆ ਜਾ ਰਹੇ ਹਨ। ਪਹਿਲੀ ਵਾਰ ਹੈ ਕਿ ਇਹ ਫਾਟਕ ਇੰਨੇ ਦਿਨ੍ਹਾਂ ਲਈ ਬੰਦ ਰਿਹਾ ਹੈ, ਜਿਸ ਬਾਰੇ ਆਮ ਪਬਲਿਕ ਨੂੰ ਪਹਿਲਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਫਾਟਕ ’ਤੇ ਕੰਮ ਕਰਦੇ ਗੇਟਮੈਨਾਂ ਦਾ ਰੁੱਖਾ ਵਿਹਾਰ ਵੀ ਲੋਕਾਂ ਨੂੰ ਅਖੜਿਆਂ।

ਫਾਟਕ ਖੁੱਲਣ ਬਾਰੇ ਜੇ ਕੋਈ ਜਾਣਕਾਰੀ ਲੈਣ ਹੀ ਚਲਾ ਗਿਆ ਤਾਂ ਉਸ ਨੂੰ ਕੋਈ ਜਾਣਕਾਰੀ ਦੇਣ ਦੀ ਥਾਂ ਰੇਲਵੇ ਦੇ ਅੰਦਰੂਨੀ ਕਿਸੇ ਹੋਰ ਵਿਭਾਗ ਨਾਲ ਸੰਪਰਕ ਕਰਨ ਨੂੰ ਕਿਹਾ ਗਿਆ। ਆਮ ਲੋਕਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਰੇਲਵੇ ਦੇ ਅੰਦਰੂਨੀ ਕਿਸ ਵਿਭਾਗ ਨੇ ਲਾਈਨ ਠੀਕ ਕਰਨੀ ਹੈ ਅਤੇ ਕਿਸ ਨੇ ਟ੍ਰੈਫਿਕ ਲੰਘਾਉਣਾ ਹੈ। ਜਦੋਂ ਕਿ ਇਹ ਜਾਣਕਾਰੀ ਜਿਸ ਵੀ ਵਿਭਾਗ ਨੇ ਦੇਣੀ ਹੋਵੇ, ਉਹ ਗੇਟਮੈਨ ਕੋਲ ਉਪਲੱਭਧ ਕਰਵਾਈ ਜਾਣੀ ਚਾਹੀਦੀ ਸੀ ਕਿਉਂਕਿ ਪਬਲਿਕ ਡੀਲਿੰਗ ਗੇਟਮੈਨ ਨੂੰ ਕਰਨੀ ਪੈਣੀ ਹੈ।
ਅੱਜ ਪਿੰਡ ਦੇ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਵੋਟਾਂ ਪਾਉਣ ਵਾਲੇ ਸਟਾਫ਼ ਨੇ ਵੀ ਇਹੀ ਫਾਟਕ ਪਾਰ ਕਰਕੇ ਪੋਲਿੰਗ ਬੂਥ ’ਤੇ ਪੁੱਜਣਾ ਹੈ, ਜਿਸ ਨੂੰ ਹੋਰ ਰਸਤੇ ਤੋਂ ਤਾਂ ਲੰਘਾ ਲਿਆ ਜਾਵੇਗਾ ਪਰ ਡੱਬੇ ਖਾਲੀ ਹੀ ਜਾਣਗੇ ਕਿਉਂਕਿ ਜਿਸ ਸਰਕਾਰ ਨੂੰ ਉਨ੍ਹਾਂ ਨੇ ਚੁਣਨਾ ਹੈ, ਉਸ ਸਰਕਾਰ ਨੇ ਹੀ ਉਨ੍ਹਾਂ ਦਾ ਜਿਉਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਇਹ ਫਾਟਕ ਤਾਂ ਪਹਿਲਾ ਹੀ ਲੰਙੇ ਡੰਗ ਖੁਲਦਾ ਹੈ, ਹੁਣ ਤਾਂ ਹੱਦ ਹੋ ਗਈ ਹੈ ਕਿ ਛੇ ਦਿਨ ਤੋਂ ਬੰਦ ਹੀ ਪਿਆ ਹੈ। ਅਜਿਹੇ ਹਲਾਤ ’ਚ ਲੋਕਾਂ ਲਈ ਚੋਣਾਂ ਦੇ ਤਿਓਹਾਰ ਦੇ ਕੋਈ ਅਰਥ ਨਹੀਂ ਹਨ, ਪਿੰਡ ਵਾਸੀ ਬਾਈਕਾਟ ਕਰਕੇ ਇਹ ਤਿਓਹਾਰ ਮਨਾਉਣਗੇ।

ਇਸ ਮੌਕੇ ਸਰਪੰਚ ਮੀਨਾ ਕੁਮਾਰ, ਸਾਬਕਾ ਪੰਚ ਮਨਸੂਰਪੁਰ ਮੱਖਣ ਸਿੰਘ, ਸੁਖਵਿੰਦਰ ਸੋਨੀ ਪੰਚ, ਸਾਬਕਾ ਸਰਪੰਚ ਚਮਨ ਲਾਲ, ਵਿਜੇ ਕੁਮਾਰ, ਮਾ. ਰਾਮ ਲਾਲ, ਮਾ. ਗਿਆਨ ਸਿੰਘ, ਮਨਜੀਤ ਸਿੰਘ ਸਿੱਧੂ, ਸੇਵਾ ਸਿੰਘ, ਸੋਢੀ ਮੱਲ, ਜਗਦੀਸ਼ ਚੰਦੜ੍ਹ, ਚਰਨਜੀਤ ਸਿੰਘ, ਤਰਸੇਮ ਸਿੰਘ, ਡਾ. ਸਰਬਜੀਤ ਮੁਠੱਡਾ, ਪੰਕਜ ਕੁਮਾਰ, ਨਾਥੀ ਰਾਮ, ਮਨਜੀਤ ਕੌਰ, ਸਰਬਜੀਤ ਕੌਰ, ਸੁਨੀਤਾ ਰਾਏ, ਗੁਰਪ੍ਰੀਤ ਕੌਰ, ਬਬਲੀ ਰਾਏ, ਸ਼ਿੰਦੋ, ਮਨਮੋਹਣ ਸਿੰਘ, ਜਸਵਿੰਦਰ ਸਿੰਘ ਸਿੱਧੂ, ਕਮਲ ਔਜਲਾ ਆਦਿ ਹਾਜ਼ਰ ਸਨ।
ਕੈਪਸ਼ਨ- ਫਾਟਕ ਨੇੜੇ ਨਾਅਰੇਬਾਜ਼ੀ ਕਰਦੇ ਪਿੰਡ ਵਾਸੀ।
