ਕਣਕ ਦੀ ਨਾੜ/ਰਹਿੰਦ-ਖੂਹੰਦ ਨੂੰ ਅੱਗ ਲਾਉਣ ’ਤੇ ਵੀ ਮਨਾਹੀ
ਜਲੰਧਰ, 3 ਅਪ੍ਰੈਲ 2024-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੇਜਰ ਡਾ. ਅਮਿਤ ਮਹਾਜਨ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਣਕ ਦੀ ਕਟਾਈ ਕੇਵਲ ਉਨ੍ਹਾਂ ਹਾਰਵੈਸਟਰ ਕੰਬਾਈਨਾਂ ਨਾਲ ਕੀਤੀ ਜਾਵੇ, ਜਿਨ੍ਹਾਂ ਕੋਲ ਬੀ.ਆਈ.ਐਸ. ਦਾ ਸਰਟੀਫਿਕੇਟ ਹੋਵੇ।ਇਹ ਹੁਕਮ 31 ਮਈ 2024 ਤੱਕ ਲਾਗੂ ਰਹੇਗਾ।
ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਜਲੰਧਰ (ਦਿਹਾਤੀ) ਵਿੱਚ ਕਣਕ ਦੀ ਨਾੜ/ਰਹਿੰਦ-ਖੂਹੰਦ ਨੂੰ ਅੱਗ ਲਾਉਣ ’ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਕਣਕ ਦੀ ਕਟਾਈ ਦੇ ਸ਼ੁਰੂ ਹੋਣ ਤੋਂ ਲੈ ਕੇ 31 ਮਈ 2024 ਤੱਕ ਲਾਗੂ ਰਹੇਗਾ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
