ਫਿਲੌਰ, 29 ਮਈ 2024 – ਗੁਰਾਇਆ ਫਿਲੌਰ ਦੇ ਵਿਚਕਾਰ ਦੁਸਾਂਝਾਂ ਦੇ ਐੱਸ 85 ਰੇਲਵੇ ਫਾਟਕ ਨੂੰ 25 ਮਈ ਤੋਂ ਅਚਾਨਕ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਦੇ ਬੰਦ ਕਰਨ ਦੀ ਸੂਚਨਾ ਪਹਿਲਾ ਕਿਸੇ ਨੂੰ ਨਹੀਂ ਦਿੱਤੀ ਗਈ। ਗੇਟਮੈਨ ਨੇ ਪਹਿਲਾ ਇਹ ਦੱਸਿਆ ਸੀ ਕਿ ਫਾਟਕ ਬੁੱਧਵਾਰ ਸ਼ਾਮ ਤੱਕ ਬੰਦ ਰਹੇਗਾ। ਇਸ ਤੋਂ ਪਹਿਲਾ ਮੁਰੰਮਤ ਲਈ ਜਦੋਂ ਵੀ ਕਿਤੇ ਇਹ ਫਾਟਕ ਬੰਦ ਕੀਤਾ ਜਾਂਦਾ ਸੀ ਤਾਂ ਆਲੇ ਦੁਆਲੇ ਪਿੰਡਾਂ ’ਚ ਧਰਾਮਿਕ ਸੰਸਥਾਵਾਂ ਰਾਹੀ ਲੋਕਾਂ ਨੂੰ ਸੂਚਿਤ ਵੀ ਕੀਤਾ ਜਾਂਦਾ ਸੀ। ਇਸ ਤੋਂ ਬਿਨ੍ਹਾਂ ਫਾਟਕ ਉੱਪਰ ਵੀ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਸੀ। ਇਸ ਵਾਰ ਸੂਚਿਤ ਤਾਂ ਕੀ ਕਰਨਾ ਸੀ, ਫਾਟਕ ਉਪਰ ਲਿਖ ਕੇ ਸਿਰਫ਼ ਇੰਨਾ ਹੀ ਟੰਗਿਆ ਹੈ ਕਿ ‘ਫਾਟਕ ਖ਼ਰਾਬ’ ਹੈ।

ਪਿੰਡ ਦੁਸਾਂਝ ਖੁਰਦ ਦੇ ਚਰਨਜੀਤ ਸਿੰਘ ਨੇ ਕਿਹਾ ਕਿ ਵਿਭਾਗ ਨੇ ਫਾਟਕ ਖਰਾਬ ਦਾ ਲਿਖ ਕੇ ਆਪਣਾ ਪੱਲਾ ਝਾੜ ਦਿੱਤਾ ਹੈ ਜਦੋਂ ਕਿ ਫਾਟਕ ਤਾਂ ਠੀਕ ਹੈ, ਰੇਲਵੇ ਲਾਈਨ ਦੀ ਮੁਰੰਮਤ ਚੱਲ ਰਹੀ ਹੈ। ਇਹ ਮੁਰੰਮਤ ਕਦੋਂ ਤੱਕ ਮੁਕੰਮਲ ਹੋਣੀ ਹੈ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਨੇੜੇ ਟਰੈਕਟਰਾਂ ਦੇ ਸਟਾਕਯਾਰਡ ਲਈ ਕੰਮ ਕਰਦੇ ਇੱਕ ਵਿਅਕਤੀ ਨੇ ਦੱਸਿਆ ਕਿ ਕੱਲ੍ਹ ਕੁੱਝ ਕਾਮੇ ਦੁਪਿਹਰ ਤੱਕ ਕੰਮ ਕਰਦੇ ਦੇਖੇ ਗਏ, ਮਗਰੋਂ ਕੁੱਝ ਨਹੀਂ ਕੀਤਾ ਗਿਆ। ਪਹਿਲੇ ਦਿਨ੍ਹਾਂ ’ਚ ਵੀ ਲਗਾਤਾਰ ਕੰਮ ਨਹੀਂ ਕੀਤਾ ਗਿਆ। ਪਹਿਲਾ ਦਿੱਤੇ ਪੰਜ ਵਜੇ ਦੇ ਲਿਹਾਜ਼ ਨਾਲ ਜਦੋਂ ਭੱਟੀਆ ਦੇ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸੀਨੀਅਰ ਤੋਂ ਪੁੱਛ ਕੇ ਕੁੱਝ ਦਸ ਸਕਦੇ ਹਨ। ਇਸ ਦਾ ਅਰਥ ਕਿ ਸਟੇਸ਼ਨ ’ਤੇ ਕੋਈ ਜਾਣਕਾਰੀ ਹੀ ਉਪਲੱਭਧ ਨਹੀਂ ਹੈ।
