ਗੁਰਾਇਆ 2026: ਅੱਜ ਹਲਕਾ ਫਿਲੌਰ ਦੇ ਸ਼ਹਿਰ ਗੁਰਾਇਆ ਵਿਖੇ ਜੇ ਸੀ ਰਿਜੋਰਟਸ ਵਿਖੇ ਮਾਵਾਂ-ਧੀਆਂ ਦੀ ਲਲਕਾਰ ਮੁਹਿੰਮ ਤਹਿਤ ਵੱਡਾ ਇਕੱਠ ਹੋਇਆ। ਇਸ ਮੌਕੇ ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਸ. ਬਲਦੇਵ ਸਿੰਘ ਖਹਿਰਾ ਨੇ ਹਲਕਾ ਫਿਲੌਰ ਦੀਆਂ ਮਾਵਾਂ-ਭੈਣਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਹਲਕਾ ਫਿਲੌਰ ਦੀਆਂ ਮਾਵਾਂ-ਭੈਣਾਂ ਦੇ ਰੂਬਰੂ ਹੋਏ। ਮਾਵਾਂ-ਭੈਣਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਬੀਬਾ ਬਾਦਲ ਨਾਲ ਆਪਣੇ ਦਿਲ ਦੇ ਦੁੱਖ, ਆਪਣੇ ਬੱਚਿਆਂ ਦੀਆਂ ਚਿੰਤਾਵਾਂ ਅਤੇ ਨਸ਼ੇ ਕਾਰਨ ਉੱਜੜ ਰਹੇ ਘਰਾਂ ਦੀਆਂ ਦਰਦ ਭਰੀਆਂ ਕਹਾਣੀਆਂ ਸਾਂਝੀਆਂ ਕੀਤੀਆਂ।
ਸ. ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਬੀਬਾ ਜੀ ਅੱਜ ਪੰਜਾਬ ਦੀ ਇਕੱਲੀ ਬੀਬਾ ਬਾਦਲ ਹਨ ਜੋ ਦੇਸ਼ ਦੀ ਲੋਕ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਪੰਜਾਬ ਦੀ ਆਵਾਜ਼ ਬਣ ਕੇ ਖੜ੍ਹੇ ਹਨ। ਉਹਨਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਮੁਹਿੰਮ ਨਹੀਂ, ਇਹ ਸਾਡੇ ਬੱਚਿਆਂ ਦੇ ਅੱਜ ਤੇ ਕੱਲ੍ਹ ਨੂੰ ਬਚਾਉਣ ਦੀ ਲੜਾਈ ਹੈ।

ਬੀਬਾ ਹਰਸਿਮਰਤ ਕੌਰ ਬਾਦਲ ਨੇ ਮਾਵਾਂ-ਭੈਣਾਂ ਨੂੰ ਭਰੋਸਾ ਦਿਵਾਇਆ ਕਿ ਇਸ ਲੜਾਈ ਵਿੱਚ ਉਹ ਇਕੱਲੀਆਂ ਨਹੀਂ ਹਨ, ਸ਼੍ਰੋਮਣੀ ਅਕਾਲੀ ਦਲ ਹਰ ਮਾਂ-ਧੀ ਦੇ ਨਾਲ ਖੜ੍ਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚੋਂ ਨਸ਼ੇ ਦਾ ਵਪਾਰ ਬੰਦ ਨਹੀਂ ਹੁੰਦਾ, ਇਹ ਲਲਕਾਰ ਰੁਕੇਗੀ ਨਹੀਂ।
ਉਹਨਾਂ ਕਿਹਾ ਕਿ ਇਸ ਗੁਰੂ-ਦੋਖੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ਵਿੱਚ ਪੰਜਾਬ ਨੂੰ 40 ਦਹਾਕੇ ਪਿੱਛੇ ਧੱਕ ਦਿੱਤਾ ਹੈ। ਨਸ਼ੇ ਕਾਰਨ ਘਰ-ਘਰ ਵਿੱਚ ਮਾਵਾਂ ਦੀਆਂ ਕੁੱਖਾਂ ਉੱਜੜ ਰਹੀਆਂ ਹਨ, ਪਰ ਸਰਕਾਰ ਸਿਰਫ਼ ਝੂਠੇ ਜੁਮਲਿਆਂ ਅਤੇ ਇਸ਼ਤਿਹਾਰਬਾਜ਼ੀ ਵਿੱਚ ਲੱਗੀ ਹੋਈ ਹੈ।
ਅੰਤ ਵਿੱਚ ਸ. ਖਹਿਰਾ ਨੇ ਫਿਲੌਰ ਦੀਆਂ ਸਮੂਹ ਮਾਵਾਂ-ਭੈਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਫਿਲੌਰ ਨੇ ਸਾਬਤ ਕਰ ਦਿੱਤਾ ਹੈ ਕਿ ਫਿਲੌਰ ਦੀ ਹਰ ਮਾਂ, ਹਰ ਧੀ, ਹਰ ਭੈਣ ਇਸ ਲਲਕਾਰ ਵਿੱਚ ਬੀਬਾ ਜੀ ਦੇ ਨਾਲ ਖੜ੍ਹੀ ਹੈ। 2027 ਦੀ ਚੋਣ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੀ ਚੋਣ ਹੈ ਅਤੇ ਸੇਵਾ, ਵਿਸ਼ਵਾਸ ਤੇ ਵਿਕਾਸ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਨੂੰ ਬਚਾ ਸਕਦੀ ਹੈ।