19 ਸਾਲਾ ਨਮਲ ਦੀ ਮ੍ਰਿਤਕ ਦੇਹ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਖਾ ਲਿਆ ਹੈਰਾਨੀ ਦੀ ਗੱਲ ਉੱਥੋ ਲੰਘਣ ਵਾਲੇ ਇਨਸਾਨਾਂ ਨੂੰ ਭਿਣਕ ਤੱਕ ਨਹੀ ਲੱਗੀ ਜਿੱਥੇ ਕੁੱਤੇ ਆਉਂਦੇ ਜਾਂਦੇ ਰਹੇ
ਨੌਜਵਾਨ ਨਮਲ ਕਿਹੜੀ ਹਾਲਤ ਵਿੱਚ ਜਾਨ ਗੁਆ ਬੈਠਾ ਇਹ ਜਾਂਚ ਦਾ ਵਿਸ਼ਾ ਹੈ। ਪਹਿਲਾਂ ਵੀ ਇਸੇ ਮੁਹੱਲੇ ਦਾ ਨੌਜਵਾਨ ਮੌਤ ਦੇ ਮੂੰਹ ਪਿਆ ਸੀ ਕੋਈ ਜਾਂਚ ਨਹੀ ਹੋਈ। ਇੱਕ ਇੱਕ ਕਰਕੇ ਨੌਜਵਾਨ ਮਰ ਰਹੇ ਹਨ।
ਨੂਰਮਹਿਲ, 29 ਅਗਸਤ 2026 :- ਸਥਾਨਕ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਝਾੜੀਆਂ ਵਿੱਚੋਂ ਇੱਕ 19 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਜਿਸ ਹਾਲਤ ਵਿੱਚ ਮਿਲੀ ਹੈ ਨੂੰ ਲੈ ਕੇ ਰੂ- ਕੰਬਣ ਵਾਲਾ ਦ੍ਰਿਸ਼ (ਪਿੰਜਰ) ਮਿਲਣ ਨਾਲ ਸ਼ਹਿਰ ਵਿੱਚ ਸੰਨਸੰਨੀ ਫੈਲ ਗਈ ਮ੍ਰਿਤਕ ਦੀ ਪਹਿਚਾਣ ਨਮਲ (19 ਸਾਲ) ਪੁੱਤਰ ਰਾਮ ਲੁਭਾਇਆ ਵਜੋਂ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਨਮਲ ਪਿਛਲੇ ਕਾਫ਼ੀ ਸਾਲਾਂ ਤੋਂ ਇੱਥੇ ਆਪਣੇ ਨਾਨਕੇ ਪਰਿਵਾਰ ਕੋਲ ਖਟੀਕਾ ਮੁਹੱਲਾ ਵਿਖੇ ਹੀ ਰਹਿੰਦਾ ਸੀ ਅਤੇ ਹੁਣ ਉਹ ਖਟੀਕਾ ਮੁਹੱਲੇ ਦਾ ਹੀ ਪੱਕਾ ਨਿਵਾਸੀ ਬਣ ਚੁੱਕਾ ਸੀ।

ਘਟਨਾ ਦੀ ਖ਼ਬਰ ਇਲਾਕੇ ਵਿੱਚ ਫੈਲਦਿਆਂ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਦੁਖਦਾਈ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਨਾਮ ਭੱਟੀ ਪੁੱਤਰ ਰਾਮ ਲੁਭਾਇਆ ਨੇ ਦੱਸਿਆ ਕਿ ਉਸ ਦੇ ਭਰਾ ਨਮਲ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ ਸੀ, ਜੋ ਕਿ ਇੱਕ ਹਫ਼ਤਾ ਪਹਿਲਾਂ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ ਸੀ। ਪਰਿਵਾਰ ਵੱਲੋਂ ਆਪਣੇ ਪੱਧਰ ‘ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ, ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ ਸੀ।
ਅੱਜ ਸਵੇਰੇ ਸਿਵਲ ਹਸਪਤਾਲ ਨੂਰਮਹਿਲ ਦੇ ਬਿਲਕੁਲ ਸਾਹਮਣੇ ਝਾੜੀਆਂ ਵਿੱਚੋਂ ਨਮਲ ਦੀ ਲਾਸ਼ ਮਿਲੀ। ਲਾਸ਼ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ, ਜਿਸ ਨੂੰ ਅਵਾਰਾ ਕੁੱਤਿਆਂ ਨੇ ਬੁਰੇ ਤਰੀਕੇ ਨਾਲ ਨੋਚ-ਨੋਚ ਕੇ ਖਾਧਾ ਹੋਇਆ ਸੀ। ਇਹ ਦ੍ਰਿਸ਼ ਇੰਨਾ ਖ਼ੌਫ਼ਨਾਕ ਸੀ ਕਿ ਦੇਖਣ ਵਾਲਿਆਂ ਦੇ ਰੋਂਗਟੇ ਖੜ੍ਹੇ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੇ ਜਾਣ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਥਾਣਾ ਨੂਰਮਹਿਲ ਦੇ ਡਿਊਟੀ ਅਫ਼ਸਰ ਸੁਭਾਸ਼ ਚੰਦਰ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ 174 ਦੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਨੂਰਮਹਿਲ ਸ਼ਹਿਰ ਵਿੱਚ ਇਹ ਦੂਸਰੀ ਘਟਨਾ ਸਾਹਮਣੇ ਆਈ ਹੈ ਕਿ ਮ੍ਰਿਤਕ ਦੀ ਦੇਹ ਨੂੰ ਕੁੱਤਿਆਂ ਨੇ ਨੋਚ ਨੋਚ ਖਾ ਲਿਆ।
