ਨੂਰਮਹਿਲ, 2 ਜੂਨ 2024- ਪਿੰਡ ਭੰਡਾਲ ਬੂਟਾ ਦੇ ਜਗਦੀਸ਼ ਸਿੰਘ ਚੌਹਾਨ ਉਰਫ ਦੀਸ਼ਾ ਪੁੱਤਰ ਹਰੀ ਸਿੰਘ ਚੌਹਾਨ ਜੋ ਇੰਡੀਆ ਰਹਿੰਦੇ ਪਰਿਵਾਰ ਦੇ ਵਧੀਆ ਪਾਲਣ ਪੋਸ਼ਣ ਲਈ ਕਾਫੀ ਸਾਲਾਂ ਤੋਂ ਮਨੀਲਾ ਰਹਿ ਰਿਹਾ ਸੀ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਇੰਡੀਆ ਆਉਣਾ ਜਾਣਾ ਰਹਿੰਦਾ ਸੀ ਤੇ ਅਜੇ ਲੱਗਭਗ ਦੋ ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਵਿਚ ਪਤਨੀ ਤੇ ਤਿੰਨ ਬੇਟੀਆਂ ਨੂੰ ਮਿਲਕੇ ਗਿਆ ਸੀ। ਮਨੀਲਾ ਵਿਚ ਵਧੀਆ ਕੰਮ ਕਾਰ ਕਰਦੇ ਜਗਦੀਸ਼ ਸਿੰਘ ਚੌਹਾਨ ਦਾ ਕਤਲ ਤੋਂ ਬਾਅਦ ਉਸ ਦੀ ਲਾਸ਼ ਸਮੁੰਦਰ ਦੇ ਕਿਨਾਰਿਓਂ ਸੱਤ ਦਿਨਾਂ ਬਾਅਦ ਮਿਲੀ ਅਤੇ ਉਸਦਾ ਮੋਟਰਸਾਈਕਲ ਜੰਗਲ ਵਿੱਚ ਸੁੱਟ ਦਿੱਤਾ ਗਿਆ ਸੀ। ਪਰਿਵਾਰ ਨੂੰ ਉਸ ਦੀ ਮੌਤ ਦਾ ਸਮਾਚਾਰ ਕੱਲ ਦੇਰ ਰਾਤ ਮਿਲਿਆ। ਤਿੰਨ ਲੜਕੀਆਂ ਦੇ ਪਿਓ ਜਗਦੀਸ਼ ਸਿੰਘ ਚੌਹਾਨ ਦਾ ਸੰਸਕਾਰ ਉਸਦੇ ਇੰਗਲੈਂਡ ਰਹਿੰਦੇ ਭਰਾ ਵੱਲੋਂ ਮਨੀਲਾ ਪੁੱਜਣ ਕੀਤਾ ਜਾਵੇਗਾ।

