ਨੂਰਮਹਿਲ,7 ਅਪ੍ਰੈਲ 2024-ਪਿੰਡ ਭੰਡਾਲ ਹਿੰਮਤ ਵਿਚ ਭੰਡਾਲ ਜਠੇਰਿਆਂ ਦਾ ਸਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਮੌਕੇ ਤੇ ਨਿਸ਼ਾਨ ਸਾਹਿਬ ਚੜਾਏ ਜਾਣ ਦੌਰਾਨ ਬਿਜਲੀ ਦੀਆਂ ਤਾਰਾਂ ਨਾਲ ਖਹਿ ਜਾਣ ਕਾਰਨ ਕਰੰਟ ਲੱਗਣ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਨੌਜਵਾਨਾਂ ਦੇ ਜਖਮੀ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਅੱਜ ਪਿੰਡ ਦੇ ਹੀ ਨੌਜਵਾਨ ਲੜਕੇ ਜਠੇਰਿਆਂ ਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਨ ਲੱਗੇ ਤਾਂ 11 ਕੇ.ਵੀ ਵੋਲਟ ਬਿਜਲੀ ਦੀ ਤਾਰ ਨਿਸ਼ਾਨ ਸਾਹਿਬ ਦੇ ਪਾਈਪ ਅਤੇ ਤਾਰਾਂ ਨਾਲ ਟਕਰਾ ਗਈ। ਕਰੰਟ ਲੱਗਣ ਕਾਰਨ ਚਾਰ ਲੜਕੇ ਜਗਦੀਪ ਸਿੰਘ ਉਰਫ ਜੱਗਾ , ਜਸਵਿੰਦਰ ਸਿੰਘ , ਜਗਦੀਪ ਸਿੰਘ ਤੇ ਅਮਰਜੀਤ ਸਿੰਘ ਵਾਸੀ ਪਿੰਡ ਭੰਡਾਲ ਹਿੰਮਤ ਜ਼ਖਮੀ ਹੋ ਗਏ। ਜਿਹਨਾਂ ਨੂੰ ਜ਼ਖ਼ਮੀ ਹਾਲਤ ਵਿਚ ਨੂਰਮਹਿਲ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਸ ਦੌਰਾਨ ਇਕ ਨੌਜਵਾਨ ਜਗਦੀਪ ਸਿੰਘ ਉਰਫ ਜੱਗਾ ( 26) ਦੇ ਬਿਜਲੀ ਦਾ ਕਰੰਟ ਜ਼ਿਆਦਾ ਲੱਗਣ ਨਾਲ ਮੌਤ ਹੋ ਗਈ। ਜਦੋ ਕਿ ਬਾਕੀ ਤਿੰਨਾਂ ਨੂੰ ਹਸਪਤਾਲ ਤੋਂ ਮੁਢਲੀ ਸਹਾਇਤਾ ਮਿਲਣ ਉਪਰੰਤ ਘਰ ਭੇਜ ਦਿੱਤਾ ਗਿਆ।
