ਫਿਲੌਰ (ਜਲੰਧਰ), 27 ਜਨਵਰੀ 2024-ਪੰਜਾਬ ਸਰਕਾਰ ਵੱਲੋਂ ਤਿਆਰ ਸੂਬੇ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦੀਆਂ ਝਾਕੀਆਂ ਨੂੰ 28 ਜਨਵਰੀ ਦਿਨ ਐਤਵਾਰ ਨੂੰ ਫਿਲੌਰ ਵਿਖੇ ਆਮ ਲੋਕਾਂ ਦੇ ਰੂ-ਬਰੂ ਕੀਤਾ ਜਾਵੇਗਾ।
ਉਪ ਮੰਡਲ ਮੈਜਿਸਟ੍ਰੇਟ ਅਮਨਪਾਲ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਝਾਕੀਆਂ ਐਤਵਾਰ ਸਵੇਰੇ ਸਬ ਡਵੀਜ਼ਨ ਵਿਖੇ ਵੱਖ-ਵੱਖ ਥਾਵਾਂ ਤੋਂ ਗੁਜ਼ਰਨਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਝਾਕੀਆਂ ਨੂੰ ਕਮਿਊਨਿਟੀ ਹਾਲ ਫਿਲੌਰ ਅਤੇ ਦਾਣਾ ਮੰਡੀ ਗੁਰਾਇਆ ਵਿਖੇ ਖਾਸ ਤੌਰ ’ਤੇ ਲੋਕਾਂ ਦੇ ਰੂ-ਬਰੂ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਝਾਕੀਆਂ ਨੂੰ ਸੁਚੱਜੇ ਢੰਗ ਨਾਲ ਆਮ ਲੋਕਾਂ ਦੇ ਰੂ-ਬਰੂ ਕਰਨ ਲਈ ਇਨ੍ਹਾਂ ਦੀ ਆਵਾਜਾਈ, ਸੁਰੱਖਿਆ, ਮੈਡੀਕਲ ਟੀਮਾਂ ਦੀ ਤਾਇਨਾਤੀ, ਫਾਇਰ ਬ੍ਰਿਗੇਡ, ਸਫਾਈ, ਕਲਾਕਾਰਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਆਦਿ ਸਬੰਧੀ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਲੋਕਾਂ ਨੂੰ ਸੂਬੇ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜਨ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚ ਪੰਜਾਬ ਦੇ ਸ਼ਹੀਦਾਂ ਅਤੇ ਕੁਰਬਾਨੀਆਂ ਦੀ ਗਾਥਾ, ਨਾਰੀ ਸ਼ਕਤੀ (ਮਾਈ ਭਾਗੋ ਜੀ) ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਸਬੰਧਤ ਝਾਕੀਆਂ ਸ਼ਾਮਲ ਹਨ।