ਕਤਲ ਦਾ ਸਾਜਿਸ਼ਘਾੜਾ ਅਮ੍ਰਿੰਤ ਪਾਲ ਸਿੰਘ ਮਹਿਰੋਂ ਨੂੰ ਪੁਲਿਸ ਫੜਨ ਲਈ ਸਰਗਰਮ
ਬਠਿੰਡਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਦੇ ਕਾਤਲਾਂ ਦੀ ਸੂਹ ਲਾਉਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਹ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਪੁਲਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਸ ਦੇ ਦੋ ਸਾਥੀਆਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਸਰਗਰਮੀ ਨਾਲ ਉਸ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐੱਸਐੱਸਪੀ ਨੇ ਦੱਸਿਆ ਕਿ ਕੰਚਨ ਕੁਮਾਰੀ ਨੂੰ ਸਾਜ਼ਿਸ਼ ਤਹਿਤ ਬਠਿੰਡਾ ਬੁਲਾਇਆ ਗਿਆ। ਇੱਥੇ ਉਸ ਨੂੰ ਫਾਹਾ ਲਾ ਕੇ ਮਾਰਨ ਤੋਂ ਬਾਅਦ ਉਸ ਦੀ ਲਾਸ਼ ਕਾਰ ਵਿਚ ਪਾ ਕੇ, ਕਾਰ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਵਾਰਦਾਤ 9 ਅਤੇ 10 ਜੂਨ ਦੀ ਰਾਤ ਨੂੰ ਹੋਈ।
ਐੱਸਐੱਸਪੀ ਨੇ ਕਿਹਾ ਕਿ ਕਾਤਲਾਂ ਨੂੰ ਰੰਝ ਸੀ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ’ਤੇ ਲੱਚਰਤਾ ਪਰੋਸ ਰਹੀ ਸੀ ਅਤੇ ਇਸੇ ਕਰਕੇ ਉਸ ਦਾ ਕਤਲ ਕੀਤਾ ਗਿਆ।