ਇੰਗਲੈਂਡ ਵਾਸੀ ਰਮੇਸ਼ ਵਿਸ਼ਵਾਸ਼ ਇਕੋ-ਇਕ ਵਿਆਕਤੀ ਬਚਿਆ ਇਸ ਭਿਆਨਕ ਹਾਦਸੇ ਵਿਚ
ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ਨੇੜੇ ਮੇਘਾਨੀਨਗਰ ਇਲਾਕੇ ਵਿਚ ਦੁਪਹਿਰੇ ਡੇਢ ਵਜੇ ਦੇ ਕਰੀਬ ਉਡਾਣ ਭਰਨ ਮੌਕੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਜਾਣਕਾਰੀ ਮੁਤਾਬਕ ਜਹਾਜ਼ ਅਹਿਮਦਾਬਾਦ ਸਥਿਤ ਬੀਜੇ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਰਿਹਾਇਸ਼ੀ ਕੁਆਰਟਰਾਂ ਵਾਲੀ ਇਮਾਰਤ ਦੇ ਉਤੇ ਤੇ ਹਾਦਸਾਗ੍ਰਸਤ ਹੋਇਆ ਹੈ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ।

ਜਹਾਜ਼ ਹਾਦਸੇ ‘ਚ ਬਚ ਗਏ ਰਮੇਸ਼ ਵਿਸ਼ਵਾਸ ਦੀ ਤਸਵੀਰ
ਹਾਦਸੇ ਬਾਰੇ ਅਹਿਮਦਾਬਾਦ ਏਅਰਪੋਰਟ ਟਰਮਿਨਲ -1 ਦੇ ਮੈਨੇਜਰ ਨੇ ਮੀਡੀਏ ਨੂੰ ਦੱਸਿਆ ਹੈ ਕਿ ਏਅਰਪੋਰਟ ਏਰੀਆ ਦੇ ਬਾਹਰ ਧੂੰਆਂ ਵੇਖਿਆ ਗਿਆ। ਉਸ ਦੀ ਜਾਂਚ ਲਈ ਪੂਰੀ ਟੀਮ ਘਟਨਾ ਵਾਲੀ ਥਾਂ ਉੱਤੇ ਭੇਜੀ ਗਈ ਹੈ।
ਏਅਰ ਇੰਡੀਆ ਅਤੇ ਇਸਦੀ ਮੂਲ ਕੰਪਨੀ ਟਾਟਾ ਗਰੁੱਪ ਨੇ ਇੱਕ ਬਿਆਨ ਜਾਰੀ ਕਰਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਹਾਜ਼ ਵਿੱਚ 242 ਲੋਕ ਸਵਾਰ ਸਨ।
ਅਹਿਮਦਾਬਾਦ ਜ਼ੋਨ-4 ਦੇ ਡੀਸੀਪੀ ਕਨਨ ਦੇਸਾਈ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਈਆਂ ਸਨ। ਏਅਰਲਾਈਨ ਨੇ ਕਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ।
ਫਲਾਈਟ ਰਡਾਰ ਦੇ ਡੇਟਾ ਮੁਤਾਬਕ, ਸਥਾਨਕ ਸਮੇਂ ਦੁਪਹਿਰ 1:30 ਵਜੇ ਜ਼ਮੀਨ ‘ਤੇ ਜਹਾਜ਼ ਰਿਕਾਰਡ ਕੀਤਾ ਗਿਆ। ਸਥਾਨਕ ਸਮੇਂ ਦੁਪਹਿਰੇ 1:34 ਵਜੇ: ਜਹਾਜ਼ ਜ਼ਮੀਨੀ ਪੱਧਰ ‘ਤੇ ਰਿਹਾ, ਗਤੀ ਵਧ ਰਹੀ ਸੀ। ਜਦਕਿ ਸਥਾਨਕ ਸਮੇਂ ਦੁਪਹਿਰੇ 1:38: ਅਚਾਨਕ 625 ਫੁੱਟ ਅਤੇ 174 ਨੋਟਸ ‘ਤੇ ਉੱਚਾਈ ʼਤੇ ਜਹਾਜ਼ ਚੜਿਆ ਅਤੇ ਫਿਰ ਸਿਗਨਲ ਗੁਆਚ ਗਏ।
“ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਵਾਲੀ ਫਲਾਈਟ AI 171, ਅੱਜ ਉਡਾਣ ਭਰਨ ਤੋਂ ਬਾਅਦ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਨੇ ਅਹਿਮਦਾਬਾਦ ਤੋਂ ਦੁਪਹਿਰੇ 1.38 ਵਜੇ ਉਡਾਣ ਭਰੀ ਸੀ। ਇਸ ਫਲਾਈਟ ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਬੋਇੰਗ 787-8 ਜਹਾਜ਼ ਸੀ।”
“ਇਨ੍ਹਾਂ ਵਿੱਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਏਅਰ ਇੰਡੀਆ ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ। ਦੂਜੇ ਪਾਸੇ, ਏਐੱਨਆਈ ਨੇ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਦੇ ਹਵਾਲੇ ਨਾਲ ਕਿਹਾ, “ਕੈਪਟਨ ਸੁਮਿਤ ਸੱਭਰਵਾਲ 8200 ਘੰਟੇ ਉਡਾਣ ਦਾ ਤਜਰਬਾ ਰੱਖਣ ਵਾਲਾ ਐਲਟੀਸੀ ਸਨ। ਸਹਿ-ਪਾਇਲਟ ਕੋਲ 1100 ਘੰਟੇ ਉਡਾਣ ਦਾ ਤਜਰਬਾ ਸੀ। ਏਟੀਸੀ (ਏਅਰ ਟ੍ਰੈਫਿਕ ਕੰਟਰੋਲਰ) ਦੇ ਅਨੁਸਾਰ, ਉਡਾਣ ਨੇ ਅਹਿਮਦਾਬਾਦ ਤੋਂ ਸਵੇਰੇ 1.39 ਵਜੇ ਉਡਾਣ ਭਰੀ।” “ਉਨ੍ਹਾਂ ਨੇ ਏਟੀਸੀ ਨੂੰ ਇੱਕ ਡਿਸਟਰੈਸ ਕਾਲ ਦਿੱਤੀ, ਪਰ ਉਸ ਤੋਂ ਬਾਅਦ ਏਟੀਸੀ ਕਾਲ ਦਾ ਕੋਈ ਜਵਾਬ ਨਹੀਂ ਆਇਆ। ਰਨਵੇ 23 ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਹਵਾਈ ਅੱਡੇ ਦੇ ਬਾਹਰ ਜ਼ਮੀਨ ‘ਤੇ ਡਿੱਗ ਗਿਆ। ਹਾਦਸੇ ਵਾਲੀ ਥਾਂ ਤੋਂ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ।
ਭਾਰਤ ਅਤੇ ਦੁਨੀਆ ਭਰ ਦੇ ਨੇਤਾਵਾਂ ਨੇ ਏਅਰ ਇੰਡੀਆ ਦੀ ਉਡਾਣ AI171 ਦੇ ਦੁਖਦਾਈ ਹਾਦਸੇ ‘ਤੇ ਸਦਮਾ ਅਤੇ ਦੁੱਖ ਜ਼ਾਹਿਰ ਕੀਤਾ ਹੈ, ਜੋ ਵੀਰਵਾਰ ਨੂੰ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਹਾਦਸੇ ਦਾ ਸ਼ਿਕਾਰ ਹੋ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਦੇਸ਼ ‘ਨਾ ਬਿਆਨੇ ਜਾਣ ਵਾਲੀ ਦੁੱਖ ਦੀ ਇਸ ਘੜੀ ਵਿੱਚ” ਪੀਡ਼ਤ ਲੋਕਾਂ ਨਾਲ ਖੜ੍ਹਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ਨੂੰ ‘ਸ਼ਬਦਾਂ ਤੋਂ ਪਰੇ ਦਿਲ ਦਹਿਲਾ ਦੇਣ ਵਾਲੀ’ ਦੱਸਿਆ ਅਤੇ ਭਰੋਸਾ ਦਿੱਤਾ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ।