ਕਿੱਟਾਂ ਤਿਆਰ ਕਰਨ ਲਈ ਜਲੰਧਰ ਜ਼ਿਲ੍ਹਾ ਨੋਡਲ ਏਜੰਸੀ ਵਜੋਂ ਨਿਯੁਕਤ-ਡਾਇਰੈਕਟਰ ਬਾਗਬਾਨੀ
ਕਿੱਟਾਂ ਲਈ ਜ਼ਿਲ੍ਹਾ ਜਾਂ ਬਲਾਕ ਪੱਧਰ ਦੇ ਬਾਗਬਾਨੀ ਦਫ਼ਤਰਾਂ ਨਾਲ ਕੀਤਾ ਜਾ ਸਕਦੈ ਸੰਪਰਕ
ਜਲੰਧਰ, 13 ਫਰਵਰੀ – ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਲੋਕਾਂ ਨੂੰ ਘਰਾਂ ਵਿੱਚ ਘਰੇਲੂ ਬਗੀਚੀਆਂ ਤਿਆਰ ਕਰਨ ਲਈ ਉਤਸ਼ਾਹਿਤ ਕਰਨ ਲਈ ਮਹੀਨਾ ਫਰਵਰੀ ਤੇ ਮਾਰਚ ਦੌਰਾਨ ਸੂਬੇ ਦੇ ਸਾਰੇ ਜਿਲਿ੍ਹਆਂ ਵਿੱਚ 35000 ਸਬਜ਼ੀ ਬੀਜ ਕਿੱਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਕਿੱਟਾਂ ਤਿਆਰ ਕਰਨ ਲਈ ਜਿਲ੍ਹਾ ਜਲੰਧਰ ਨੂੰ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਡਾਇਰੈਕਟਰ ਬਾਗਬਾਨੀ ਨੇ ਸਬਜ਼ੀ ਬੀਜ ਕਿੱਟਾਂ ਰਲੀਜ਼ ਕਰਨ ਦੌਰਾਨ ਦੱਸਿਆ ਕਿ ਇਸ ਕਿੱਟ ਵਿੱਚ ਵੱਖ-ਵੱਖ ਕਿਸਮਾਂ ਦੇ ਸਬਜ਼ੀ ਬੀਜ ਜਿਹਨਾਂ ਵਿੱਚ ਭਿੰਡੀ, ਘੀਆ ਕੱਦੂ, ਖੀਰਾ, ਚੱਪਣ ਕੱਦੂ, ਘੀਆ ਤੋਰੀ, ਕਾਉਪੀਜ(ਲੇਬੀਆ). ਟੀਂਡਾ, ਹਲਵਾ ਕੱਦੂ, ਤਰ, ਕਰੇਲਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੀ ਮਹੀਨਾ ਫਰਵਰੀ-ਮਾਰਚ ਦੌਰਾਨ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੰਤੁਲਿਤ ਖੁਰਾਕ ਵਿੱਚ ਸਬਜ਼ੀਆਂ ਦਾ ਖਾਸ ਮਹੱਤਵ ਹੈ ਤੇ ਘਰ ਦੀ ਲੋੜ ਅਨੁਸਾਰ ਘਰ ਵਿੱਚ ਹੀ ਘਰੇਲੂ ਬਗੀਚੀ ਤਹਿਤ ਸਬਜ਼ੀਆਂ ਦੀ ਦਵਾਈਆਂ ਰਹਿਤ ਕਾਸ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਆਮਦਨ ਵਿੱਚ ਵਾਧਾ ਹੋਵੇਗਾ ਉਥੇ ਹੀ ਸ਼ੁੱਧ ਅਤੇ ਤਾਜ਼ੀ ਸਬਜ਼ੀਆਂ ਦੀ ਵਰਤੋਂ ਕਰਨ ਨਾਲ ਸਿਹਤ ਤੰਦਰੁਸਤ ਰੱਖੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਘਰਾਂ ਵਿੱਚ ਘਰੇਲੂ ਬਗੀਚੀਆਂ ਤਿਆਰ ਕਰਨ ਲਈ ਬਾਗਬਾਨੀ ਵਿਭਾਗ ਵਲੋਂ ਤਿਆਰ ਕੀਤੀਆਂ ਸਬਜ਼ੀ ਬੀਜ ਕਿਟਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।