14 ਦਸੰਬਰ ਨੂੰ ਵਾਪਸ ਲਏ ਜਾ ਸਕਦੇ ਨੇ ਨਾਮਜ਼ਦਗੀ ਪੱਤਰ
ਜਲੰਧਰ ਦੇ 85 ਵਾਰਡਾਂ ਲਈ ਪ੍ਰਾਪਤ ਨਾਮਜ਼ਦਗੀ ਪੱਤਰਾਂ ’ਚੋਂ 5, ਨਗਰ ਪੰਚਾਇਤ ਬਿਲਗਾ ਲਈ ਪ੍ਰਾਪਤ ਨਾਮਜ਼ਦਗੀਆਂ ਵਿੱਚੋਂ 4, ਨਗਰ ਪੰਚਾਇਤ ਸ਼ਾਹਕੋਟ ਲਈ ਪ੍ਰਾਪਤ ਨਾਮਜ਼ਦਗੀ ਪੇਪਰਾਂ ’ਚੋਂ 2 ਨਾਮਜ਼ਦਗੀਆਂ ਪੜਤਾਲ ਉਪਰੰਤ ਰੱਦ ਹੋਈਆਂ ਹਨ।
ਜਲੰਧਰ, 13 ਦਸੰਬਰ 2024-: ਜਲੰਧਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ 687 ਨਾਮਜ਼ਦਗੀਆਂ ਦਰੁੱਸਤ ਪਾਈਆਂ ਗਈਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ ਨਗਰ ਨਿਗਮ ਜਲੰਧਰ ਦੇ 85 ਵਾਰਡਾਂ ਲਈ 443 ਨਾਮਜ਼ਦਗੀਆਂ ਦਰੁੱਸਤ ਪਾਈਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਭੋਗਪੁਰ ਦੇ 13 ਵਾਰਡਾਂ ਲਈ 62, ਨਗਰ ਕੌਂਸਲ ਗੁਰਾਇਆ ਦੇ 13 ਵਾਰਡਾਂ ਲਈ 53, ਨਗਰ ਪੰਚਾਇਤ ਬਿਲਗਾ ਦੇ 13 ਵਾਰਡਾਂ ਲਈ 43, ਨਗਰ ਪੰਚਾਇਤ ਸ਼ਾਹਕੋਟ ਦੇ 13 ਵਾਰਡਾਂ ਲਈ 79, ਨਗਰ ਕੌਂਸਲ ਫਿਲੌਰ ਦੇ ਵਾਰਡ ਨੰ. 13 ਲਈ 4 ਅਤੇ ਨਗਰ ਪੰਚਾਇਤ ਮਹਿਤਪੁਰ ਦੇ ਵਾਰਡ ਨੰ. 5 ਲਈ 3 ਨਾਮਜ਼ਦਗੀਆਂ ਪੜਤਾਲ ਉਪਰੰਤ ਸਹੀ ਪਾਈਆਂ ਗਈਆਂ।
ਡਾ. ਅਗਰਵਾਲ ਨੇ ਦੱਸਿਆ ਕਿ 14 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਸੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਜ਼ਿਲ੍ਹੇ ਦੇ ਕੁੱਲ 139 ਵਾਰਡਾਂ ਲਈ ਕੁੱਲ 698 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਪੜਤਾਲ ਉਪਰੰਤ 11 ਨਾਮਜ਼ਦਗੀ ਪੇਪਰ ਰੱਦ ਹੋਏ ਹਨ। ਇਨ੍ਹਾਂ ਵਿੱਚੋਂ ਨਗਰ ਨਿਗਮ ਜਦਕਿ ਨਗਰ ਕੌਂਸਲ ਭੋਗਪੁਰ ਤੇ ਗੁਰਾਇਆ, ਨਗਰ ਕੌਂਸਲ ਫਿਲੌਰ ਦੇ ਵਾਰਡ ਨੰ. 13 ਅਤੇ ਨਗਰ ਪੰਚਾਇਤ ਮਹਿਤਪੁਰ ਦੇ ਵਾਰਡ ਨੰ. 5 ਲਈ ਪ੍ਰਾਪਤ ਕ੍ਰਮਵਾਰ 62, 53, 4 ਅਤੇ 3 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ।