ਪੁਲਿਸ ਵੱਲੋ ਕਈ ਗ੍ਰਿਫਤਾਰੀਆਂ
ਲੁਧਿਆਣਾ, 3 ਦਸੰਬਰ 2024- ਬੁੱਢੇ ਨਾਲੇ ਨੂੰ ਲੈ ਕੇ ਅੱਜ ਕਈ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਬੁੱਢਾ ਨਾਲਾ ਜੋ ਕਿ ਕੈਂਸਰ ਵੰਡਣ ਦੇ ਨਾਂ ਨਾਲ ਮਸ਼ਹੂਰ ਹੈ, ਉਸ ਨੂੰ ਬੰਨ ਮਾਰਨ ਦਾ ਐਲਾਨ ਅਮਿਤੋਜ ਮਾਨ ਅਤੇ ਲੱਖਾ ਸਿਧਾਣਾ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੱਖੇ ਸਿਧਾਣੇ ਨੂੰ ਤਾਂ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਦੋਂਕਿ ਬਾਕੀ ਦੇ ਪ੍ਰਦਰਸ਼ਨਕਾਰੀ ਇਸ ਵੇਲੇ ਵੇਰਕਾ ਪਲਾਂਟ ਤੋਂ ਬੁੱਢਾ ਨਾਲੇ ਵੱਲ ਵੱਧਦੇ ਹੋਏ ਵਿਖਾਈ ਦੇ ਰਹੇ ਹਨ।

ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਦੁਆਰਾ ਲਗਾਏ ਗਏ ਬੈਰੀਕੇਡਸ ਤੋੜ ਦਿੱਤੇ ਗਏ ਹਨ। ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਜਿਕਰਯੋਗ ਹੈ ਕਿ ਲੁਧਿਆਣਾ ‘ਚ ਬੁੱਢੇ ਨਾਲੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਅੱਜ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਬੁੱਢਾ ਨਾਲਾ ਨੂੰ ਬੰਨ ਮਾਰਨ ਦੇ ਲਈ ਜਥੇਬੰਦੀਆਂ ਦੇ ਵੱਲੋਂ ਬੁੱਢਾ ਨਾਲਾ ਵੱਲ ਕੂਚ ਕੀਤਾ ਗਿਆ। ਇਸੇ ਦੌਰਾਨ ਹੀ ਉੱਥੇ ਡਾਇੰਗ ਇੰਡਸਟਰੀ ਧਿਰ ਦੇ ਵੱਲੋਂ ਇਹਨਾਂ ਜਥੇਬੰਦੀਆਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਬੈਰੀਗੇਟ ਲਗਾ ਦਿੱਤੇ ਗਏ। ਪੁਲਿਸ ਦੇ ਬੈਰੀਗੇਟ ਤੋੜ ਕੇ ਪ੍ਰਦਰਸ਼ਨਕਾਰੀ ਅੱਗੇ ਵਧੇ। ਉਹਨਾਂ ਦਾ ਕਹਿਣਾ ਸੀ ਕਿ ਲੁਧਿਆਣਾ ਦਾ ਨਰਕ ਹੈ, ਬੁੱਢਾ ਨਾਲਾ। ਬੁੱਢਾ ਨਾਲਾ ਰੋਜ਼ ਕੈਂਸਰ ਵੰਡਿਆ ਜਾ ਰਿਹਾ ਹੈ।
ਕਿਹੜੇ ਕਿਹੜੇ ਆਗੂਆਂ ਦੀ ਗ੍ਰਿਫਤਾਰੀ ਹੋਈ
ਲੁਧਿਆਣੇ ਦੇ ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦੀ ਕਾਲ ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਉਹਨਾਂ ਦੇ ਸਾਥੀਆਂ ਦਿੱਤੀ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ ਤੋਂ ਵੀ ਪੀੜਤ ਲੋਕ ਬੱਸਾਂ ਭਰ ਕੇ ਸ਼ਾਮਲ ਹੋਣ ਲਈ ਆਏ ਜਿਹਨਾਂ ਨੂੰ ਰਸਤੇ ਪੁਲਿਸ ਨੇ ਰੋਕ ਲਿਆ।
ਲੱਖਾ ਸਿਧਾਣਾ ਨੂੰ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ।ਕਾਲੇ ਪਾਣੀ ਮੋਰਚੇ ਦੀ ਟੀਮ ਦੇ ਸਮਰਥਨ ਵਿਚ ਆਏ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਉੱਥੇ ਪਹੁੰਚੀਆਂ ਔਰਤਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇੰਨੀ ਵੀ ਇਜਾਜ਼ਤ ਨਹੀਂ ਕਿ ਉਹ ਆਪਣੇ ਪਾਣੀਆਂ ਦੀ ਰਾਖੀ ਕਰ ਸਕਣ ਪਰ ਦੂਸਰੇ ਪਾਸੇ ਪਾਣੀਆਂ ਨੂੰ ਖਰਾਬ ਕਰਨ ਵਾਲੇ ਉਨ੍ਹਾਂ ਦੇ ਖਿਲਾਫ਼ ਸਟੇਜਾਂ ਲਗਾ ਕੇ ਬੋਲ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਨ੍ਹਾਂ ਦੀ ਫਤਿਹਗੜ੍ਹ ਸਾਹਿਬ ਸਥਿਤ ਰਿਹਾਇਸ਼ ’ਤੇ ਪੁਲਿਸ ਵਲੋਂ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਲੁਧਿਆਣਾ ਦੇ ਗੰਦੇ ਨਾਲੇ ਨੂੰ ਬੰਦ ਕਰਾਉਣ ਦੇ ਮਨੋਰਥ ਨਾਲ ਲੱਖਾ ਸਿਧਾਣਾ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਾ ਸੀ। ਇਸ ਮੌਕੇ ਬੋਲਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਪੁਲਿਸ ਵਲੋਂ ਇਸ ਮਾਰਚ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਘਰ ਵਿਚ ਹੀ ਨਜ਼ਰਦਬੰਦ ਕੀਤਾ ਗਿਆ ਹੈ ਪ੍ਰੰਤੂ ਫਿਰ ਵੀ ਉਹ ਆਪਣੀ ਆਵਾਜ਼ ਮੀਡੀਆ ਬੁਲੰਦ ਕਰਦੇ ਰਹਿਣਗੇ ਕਿਉਂਕਿ ਜੋ ਇਹ ਗੰਦੇ ਨਾਲੇ ਦਾ ਪਾਣੀ ਹੈ, ਇਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।
