ਫਿਲੌਰ, 28 ਨਵੰਬਰ 2024-: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵਲੋਂ ਚਲਾਈ ਜਾ ਰਹੀ ਰਾਜਨੀਤਕ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ‘ਤੇ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਨਫਰੰਸਾਂ ਤੋਂ ਬਾਅਦ 28 ਫਰਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ‘ਚ ਚੰਡੀਗੜ੍ਹ ਪੰਜਾਬ ਨੂੰ ਦੇਣ, ਪਾਣੀਆਂ ਦੀ ਨਿਆਂਇਕ ਵੰਡ, ਜਨਤਕ ਵੰਡ ਪ੍ਰਕਿਰਿਆ ਦਰੁਸਤ ਕਰਨ, ਰਹਿਣ-ਸਹਿਣ ਦੀਆਂ ਬਦਤਰ ਹਾਲਤਾਂ ਨੂੰ ਠੀਕ ਕਰਵਾਉਣ, ਖੇਤੀ ਸੈਕਟਰ ਨੂੰ ਮੁਨਾਫ਼ੇ ਯੋਗ ਬਵਾਉਣ ਵਰਗੇ ਬੁਨਿਆਦੀ ਮੁੱਦਿਆਂ ਬਾਰੇ ਜ਼ੋਰ ਦਿੱਤਾ ਜਾਵੇਗਾ। ਇਸ ਸਬੰਧੀ ਆਰਐਮਪੀਆਈ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਅੱਜ ਇਥੇ ਦੱਸਿਆ ਕਿ ਕਾਨਫ਼ਰੰਸਾਂ ਦੀ ਲੜੀ ਤਹਿਤ ਪਹਿਲੀ ਕਾਨਫਰੰਸ ਪਿੰਡ ਦੁਸਾਂਝ ਕਲਾਂ ਵਿਖੇ 1 ਦਸੰਬਰ ਨੂੰ ਹੋਵੇਗੀ। ਜਿਸ ਨੂੰ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਅਤੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਸੰਬੋਧਨ ਕਰਨਗੇ। ਜਗਸੀਰ ਜੀਦਾ ਇਨਕਲਾਬੀ ਗੀਤ ਅਤੇ ਬੋਲੀਆਂ ਪੇਸ਼ ਕਰਨਗੇ। ਇਸ ਤੋਂ ਇਲਾਵਾ ਸੰਤੋਖਪੁਰਾ (ਜਲੰਧਰ) ਵਿਖੇ ਵੀ 1 ਦਸੰਬਰ ਨੂੰ ਕਾਨਫਰੰਸ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਮਹਿਤਪੁਰ ਵਿਖੇ 7 ਦਸੰਬਰ ਨੂੰ, ਫਿਲੌਰ ਵਿਖੇ 10 ਦਸੰਬਰ ਨੂੰ, ਪਿੰਡ ਰਾਂਗੜਾ ਵਿਖੇ 12 ਦਸੰਬਰ ਨੂੰ ਅਤੇ ਨਕੋਦਰ ਵਿਖੇ 22 ਦਸੰਬਰ ਨੂੰ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ। ਜਿਨ੍ਹਾਂ ਨੂੰ ਪਾਰਟੀ ਦੇ ਵੱਡੇ ਆਗੂ ਸੰਬੋਧਨ ਕਰਨਗੇ।