ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇਗੀ। ਸਿਹਤ ਮੰਤਰੀ ਅੱਜ ‘ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’ ਸਬੰਧੀਂ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤ੍ਰਿਪੜੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿਉਂਕਿ ਬੱਚਿਆਂ ਵਿੱਚ ਸਿਹਤ ਬਹੁਤ ਜਰੂਰੀ ਹੈ ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਹਰ ਬੱਚੇ ਨੂੰ ਤੰਦਰੁਸਤ ਰੱਖਣ ਲਈ, ਬੱਚਿਆਂ ‘ਚ ਕਿੰਨਾ ਖ਼ੂਨ ਹੈ, ਉਸਦਾ ਕੱਦ ਤੇ ਭਾਰ ਕਿੰਨਾ ਹੈ ਸਮੇਤ ਉਸਦੀ ਅੱਖਾਂ ਦੀ ਨਜ਼ਰ ਘੱਟ ਨਾ ਹੋਵੇ, ਪਤਾ ਲਾਉਣ ਲਈ ਇਹ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਤੇ ਬੱਚਿਆਂ ਵਿੱਚ ਕੋਈ ਮੁਸ਼ਕਿਲ ਸਾਹਮਣੇ ਆਵੇਗੀ, ਉਸਨੂੰ ਠੀਕ ਕਰਨ ਲਈ ਯੋਗ ਕਦਮ ਉਠਾਏ ਜਾਣਗੇ, ਕਿਉਂਕਿ ਬੱਚਿਆਂ ਦੇ ਸਿਹਤਮੰਦ ਹੋਣ ਨਾਲ ਹੀ ਰੰਗਲਾ ਪੰਜਾਬ ਬਣੇਗਾ।
ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਸਿਹਤ ਚੈਕਅੱਪ ਸਮੇਤ ਸਕੂਲਾਂ ‘ਚ ਗਿਆਰਵੀਂ ਤੇ ਬਾਰਵੀਂ ਜਮਾਤਾਂ ਅਤੇ ਕਾਲਜਾਂ ‘ਚ ਪੜ੍ਹਦੇ ਦੇ ਵਿਦਿਆਰਥੀਆਂ ਨੂੰ ਲਾਇਫ ਸਕਿਲ ਤੇ ਮੁਢਲੀ ਸਹਾਇਤਾ ਦੀ ਟ੍ਰੇਨਿੰਗ ਵੀ ਪ੍ਰਦਾਨ ਕਰਵਾਈ ਜਾਵੇਗੀ। ਇਸ ਤੋਂ ਬਿਨ੍ਹਾਂ ਡੇਂਗੂ ਅਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ ਵੀ ਨਰਸਿੰਗ ਵਿਦਿਆਰਥੀਆਂ, ਮੈਡੀਕਲ ਇੰਟਰਨ ਵਿਦਿਆਰਥੀਆਂ ਅਤੇ ਡਿਗਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਮਾਸਟਰ ਟ੍ਰੇਨਰ ਬਣਾਇਆ ਜਾਵੇਗਾ, ਇਸ ਨਾਲ ਲੋਕਾਂ ਨੂੰ ਤੰਦਰੁਸਤ ਰੱਖਣ ‘ਚ ਮਦਦ ਮਿਲੇਗੀ। ਇਸ ਵਾਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਦੀ ਸਫ਼ਲਤਾ ਕਰਕੇ ਡੇਂਗੂ ਦੇ ਮਾਮਲੇ 50 ਫੀਸਦੀ ਤੱਕ ਘਟੇ ਹਨ।
ਰਾਜ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇਗੀ
