ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਬੰਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਿਸ਼ਾਨੇ ਉਪਰ ਆ ਗਈ ਹੈ। ਪੰਜਾਬ ਦੇ ਨਾਲ-ਨਾਲ ਵੱਡੀ ਗਿਣਤੀ ਹਰਿਆਣਾ ਦੇ ਕਿਸਾਨਾਂ ਨੇ ਵੀ ਖਨੌਰੀ ਬਾਰਡਰ ਵੱਲ ਚਾਲੇ ਪਾ ਦਿੱਤੇ ਹਨ। ਕਿਸਾਨ ਜਥੇਬੰਦੀਆਂ ਆਪਣੇ ਲੀਡਰ ਡੱਲੇਵਾਲ ਦੀ ਰਿਹਾਈ ਲਈ ਰਣਨੀਤੀ ਬਣਾ ਰਹੀਆਂ ਹਨ। ਅੱਜ ਬੁੱਧਵਾਰ ਨੂੰ ਖਨੌਰੀ ਬਾਰਡਰ ਉਪਰ ਮੀਟਿੰਗ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਡੱਲੇਵਾਲ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡੱਲੇਵਾਲ ਨੂੰ ਪੁਲਿਸ ਹਿਰਾਸਤ ‘ਚੋਂ ਛੁਡਾਉਣ ਲਈ ਬਾਰਡਰ ਉਪਰ ਰਣਨੀਤੀ ਬਣਾਈ ਜਾ ਰਹੀ ਹੈ। ਹਰਿਆਣਾ ਦੇ ਸਿਰਸਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਖਨੌਰੀ ਸਰਹੱਦ ਵੱਲ ਰਵਾਨਾ ਹੋ ਗਏ ਹਨ। ਪੰਜਾਬ ਵਿੱਚੋਂ ਵੀ ਕਿਸਾਨ ਖਨੌਰੀ ਬਾਰਡਰ ਉਪਰ ਪਹੁੰਚ ਰਹੇ ਹਨ।
ਉਧਰ, ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਭਗਵੰਤ ਮਾਨ ਸਰਕਾਰ ਵੀ ਨਰਮ ਪੈ ਗਈ ਹੈ। ਸੂਤਰਾਂ ਮੁਤਾਬਕ ਸ਼ਾਮ ਨੂੰ ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ। ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਧਰ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਮੀਟਿੰਗ ਲਈ ਕਿਸੇ ਹੋਰ ਥਾਂ ਨਹੀਂ ਜਾਣਗੇ। ਉਹ ਮੀਟਿੰਗ ਖਨੌਰੀ ਬਾਰਡਰ ਉਪਰ ਹੀ ਕਰਨਗੇ।