ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੋਲੀਬਾਰੀ ਤੋਂ ਬਾਅਦ ਲੰਡਾ ਗਰੁੱਪ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਇਕ ਵੱਡੀ ਸਫ਼ਲਤਾ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੋਲੀਬਾਰੀ ਤੋਂ ਬਾਅਦ ਲੰਡਾ ਗਰੁੱਪ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵਾਂ ਪਾਸਿਆਂ ਤੋਂ 50 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਗੈਂਗਸਟਰਾਂ ਦੇ ਪਿੱਛੇ ਦੌਰਾਨ 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜਬਰੀ ਵਸੂਲੀ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਸਮੇਤ ਕਈ ਘਿਨਾਉਣੇ ਅਪਰਾਧਾਂ ਵਿਚ ਸ਼ਾਮਿਲ ਸਨ। ਇਸ ਦੇ ਨਾਲ ਹੀ ਉਨ੍ਹਾਂ ਪਾਸੋਂ 7 ਹਥਿਆਰ ਅਤੇ ਕਈ ਕਾਰਤੂਸ ਵੀ ਬਰਾਮਦ ਕੀਤੇ ਗਏ
- ਪੰਜਾਬ ਪੁਲਿਸ ਨੇ ਜਲੰਧਰ ’ਚ ਜ਼ਬਰਦਸਤ ਗੋਲੀਬਾਰੀ ਪਿੱਛੋਂ ਲੰਡਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ; 7 ਹਥਿਆਰ ਬਰਾਮਦ
- ਪੰਜਾਬ ਪੁਲਿਸ ਸੂਬੇ ਚੋਂ ਸੰਗਠਿਤ ਅਪਰਾਧ ਗਠਜੋੜ ਨੂੰ ਠੱਲ੍ਹ ਪਾਉਣ ਲਈ ਵਚਨਬੱਧ
- ਗ੍ਰਿਫਤਾਰ ਕੀਤੇ ਦੋਵੇਂ ਵਿਅਕਤੀ ਅਤੇ ਦੋ ਪੁਲਿਸ ਅਧਿਕਾਰੀ ਮੁੱਠਭੇੜ ਦੌਰਾਨ ਜਖ਼ਮੀ : ਡੀ.ਜੀ.ਪੀ. ਗੌਰਵ ਯਾਦਵ
- ਦੋਵੇਂ ਗੈਂਗਸਟਰ ਲੰਡਾ ਦੇ ਇਸ਼ਾਰੇ ’ਤੇ ਵਿਰੋਧੀ ਗੈਂਗ ਦੇ ਦੋ ਕਾਰਕੁਨਾਂ ਨੂੰ ਖਤਮ ਕਰਨ ਦੀ ਰਚ ਰਹੇ ਸਨ ਸਾਜ਼ਿਸ਼ : ਸੀ.ਪੀ. ਸਵਪਨ ਸ਼ਰਮਾ
ਸੰਗਠਿਤ ਅਪਰਾਧ ਵਿਰੁੱਧ ਜੰਗ ਵਿੱਚ ਇੱਕ ਵੱਡੀ ਸਫਲਤਾ ਦਰਜ ਕਰਦੇ ਹੋਏ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਲੰਧਰ ਦੇ ਪਿੰਡ ਫੋਲੜੀਵਾਲ ਦੇ ਬਾਹਰਵਾਰ ਇੱਕ ਜ਼ਬਰਦਸਤ ਮੁੱਠਭੇੜ ਤੋਂ ਬਾਅਦ ਕਥਿਤ ਲੰਡਾ ਗਿਰੋਹ ਦੇ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਗੈਂਗਸਟਰਾਂ ਦੇ ਕਬਜ਼ੇ ਚੋਂ 7 ਹਥਿਆਰਾਂ ਸਮੇਤ ਛੇ ਮੈਗਜ਼ੀਨਾਂ ਅਤੇ ਛੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਸਕਰਨ ਉਰਫ ਕਰਨ ਵਾਸੀ ਭੀਖਾ ਨੰਗਲ ਕਰਤਾਰਪੁਰ ਅਤੇ ਫਗਵਾੜਾ ਦੇ ਮੇਹਲੀ ਗੇਟ ਸਥਿਤ ਮੁਹੱਲਾ ਥਾਣੇਦਾਰਾ ਦੇ ਰਹਿਣ ਵਾਲੇ ਫਤਿਹਦੀਪ ਸਿੰਘ ਉਰਫ ਪ੍ਰਦੀਪ ਸੈਣੀ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੂੰ ਥਾਣਾ ਸਦਰ, ਜਲੰਧਰ ਵਿਖੇ ਦਰਜ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਜਲੰਧਰ ਕਮਿਸ਼ਨਰੇਟ ਖੇਤਰ ਵਿੱਚ ਲੰਡਾ ਗਿਰੋਹ ਨਾਲ ਸਬੰਧਤ ਅਪਰਾਧੀਆਂ ਦੀ ਮੌਜੂਦਗੀ ਬਾਰੇ ਖੁਫੀਆ ਇਤਲਾਹ ਮਿਲੀ ਸੀ , ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਇੱਕ ਵਿਆਪਕ ਅਭਿਆਨ ਚਲਾਇਆ ਅਤੇ ਪਿੰਡ ਫੋਲੜੀਵਾਲ ਨੇੜੇ ਦੋਸ਼ੀਆਂ ਦਾ ਟਿਕਾਣਾ ਦਾ ਪਤਾ ਲਗਾਉਣ ਵਿੱਚ ਸਫ਼ਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਕਾਰਵਾਈ ਨੂੰ ਅੰਜਾਮ ਦੇਣ ਲਈ ਪੁਲਿਸ ਟੀਮਾਂ ਨੇ ਬੜੀ ਮੁਸ਼ੱਕਤ ਨਾਲ ਕਾਫ਼ੀ ਦੂਰ ਤੱਕ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਇਸੇ ਦੌਰਾਨ ਗੈਂਗਸਟਰਾਂ ਨੇ ਪਿੱਛਾ ਕਰ ਰਹੀਆਂ ਪੁਲਿਸ ਟੀਮਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਪੁਲਿਸ ਪਾਰਟੀਆਂ ਨੂੰ ਵੀ ਜਵਾਬੀ ਕਰਦਿਆਂ ਗੋਲੀ ਚਲਾਉਣੀ ਪਈ । ਇਸ ਗੋਲੀਬਾਰੀ ਦੌਰਾਨ ਦੋਵੇਂ ਮੁਲਜ਼ਮਾਂ ਦੇ ਨਾਲ-ਨਾਲ ਦੋ ਪੁਲਿਸ ਅਧਿਕਾਰੀ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ, “ਆਪਰੇਸ਼ਨ ਦੌਰਾਨ ਦੋਵਾਂ ਪਾਸਿਆਂ ਤੋਂ 50 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ।
ਹੋਰ ਵੇਰਵੇ ਸਾਂਝੇ ਕਰਦਿਆਂ ਸੀ.ਪੀ. ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਜ਼ਬਰਨ ਵਸੂਲੀ, ਕਤਲ ਅਤੇ ਇਰਾਦਾ ਕਤਲ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ। ਉਨ੍ਹਾਂ ਅੱਗੇ ਕਿਹਾ ਕਿ ਉਕਤ ਦੋਸ਼ੀ, ਗਿਰੋਹ ਦੇ ਹੋਰ ਮੈਂਬਰਾਂ ਨੂੰ ਲਾਜਿਸਟਿਕ ਸਹਾਇਤਾ ਪ੍ਰਦਾਨ ਕਰਨ ਅਤੇ ਅਪਰਾਧਿਕ ਸੰਗਠਨਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਸਨ।
ਸੀ.ਪੀ. ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਗੈਂਗਸਟਰ ਸਿੱਧੇ ਤੌਰ ’ਤੇ ਲੰਡਾ ਦੇ ਸੰਪਰਕ ਵਿੱਚ ਸਨ ਅਤੇ ਆਪਣੇ ਵਿਰੋਧੀ ਗੈਂਗ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚ ਰਹੇ ਸਨ।