ਮਾਛੀਵਾੜਾ ਥਾਣਾ ਵਿਖੇ ਡੀ.ਐਸ.ਪੀ. ਸਮਰਾਲਾ ਤਰਲੋਚਨ ਸਿੰਘ ਵਲੋਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਸਥਾਨਕ ਸ਼ਹਿਰ ਦੇ ਗੁਰੂ ਨਾਨਕ ਮਹੱਲਾ ਦੇ ਵਸਨੀਕ ਮਨਮੋਹਨ ਸ਼ਰਮਾ ਦੇ ਘਰ 21 ਅਗਸਤ 2024 ਨੂੰ ਚੋਰੀ ਦੀ ਘਟਨਾ ਵਾਪਰੀ, ਜਿਸ ਵਿਚੋਂ ਚੋਰਾਂ ਨੇ ਮਨਮੋਹਨ ਸ਼ਰਮਾ ਦਾ ਰਿਵਾਲਵਰ, ਪੰਜ ਜ਼ਿੰਦਾ ਕਾਰਤੂਸ ਸਮੇਤ ਕੁਝ ਗਹਿਣੇ ਵੀ ਚੋਰੀ ਕੀਤੇ ਸਨ ਅਤੇ ਇਸ ਘਟਨਾ ਨੂੰ ਲੈ ਕੇ ਮਾਛੀਵਾੜਾ ਪੁਲਿਸ ਵਲੋਂ ਅਣਪਛਾਤਿਆਂ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਚੋਰੀ ਕੀਤੇ ਰਿਵਾਲਵਰ ਨਾਲ ਰੇਨੂ ਮਹੰਤ ਅਤੇ ਉਸ ਦੇ ਸਾਥੀਆਂ ਵਲੋਂ ਥਾਣਾ ਚਮਕੌਰ ਸਾਹਿਬ ਦੇ ਪਿੰਡ ਬਹਿਰਾਮਪੁਰ ਬੇਟ ਵਿਖੇ ਦਿਨ ਦਿਹਾੜੇ ਘਰ ਵਿਚ ਦਾਖ਼ਲ ਹੋ ਕੇ ਪਿਸਤੋਲ ਦੀ ਨੋਕ ’ਤੇ ਇਕ ਔਰਤ ਤੋਂ ਵਾਲੀਆਂ ਲੁੱਟ ਲਈਆਂ। ਉਨ੍ਹਾਂ ਦੱਸਿਆ ਕਿ ਰੇਨੂ ਮਹੰਤ ਅਤੇ ਉਸ ਦੇ ਸਾਥੀਆਂ ਨੇ ਜਿਸ ਘਰ ਵਿਚ ਲੁੱਟ ਖੋਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ, ਉਸ ਘਰ ਵਿਚ ਕੁਝ ਦਿਨ ਪਹਿਲਾਂ ਹੀ ਉਹ ਵਧਾਈ ਲੈ ਕੇ ਆਇਆ ਸੀ। ਡੀ.ਐਸ.ਪੀ ਸਮਰਾਲਾ ਨੇ ਦੱਸਿਆ ਕਿ ਇਨ੍ਹਾਂ ’ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ ਪਰਚੇ ਦਰਜ ਹਨ ਅਤੇ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ।