ਆਗਰਾ, 4 ਨਵੰਬਰ 2024-ਆਗਰਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਇੱਥੇ ਹਵਾਈ ਸੈਨਾ ਦਾ ਇੱਕ ਲੜਾਕੂ ਜਹਾਜ਼ ਕਰੈਸ਼ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ‘ਤੇ ਡਿੱਗਦੇ ਹੀ ਜਹਾਜ਼ ਨੂੰ ਅੱਗ ਲੱਗ ਗਈ।
ਆਪਣੀ ਜਾਨ ਬਚਾਉਣ ਲਈ ਪਾਇਲਟ ਅਤੇ ਕੋ-ਪਾਇਲਟ ਨੇ ਉੱਡਦੇ ਜਹਾਜ਼ ਤੋਂ ਛਾਲ ਮਾਰ ਦਿੱਤੀ। ਫਿਲਹਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਕਿਸੇ ਤਕਨੀਕੀ ਨੁਕਸ ਕਾਰਨ ਜਹਾਜ਼ ਨੂੰ ਉਡਾਣ ਭਰਦੇ ਸਮੇਂ ਅੱਗ ਲੱਗ ਗਈ।
ਪਾਇਲਟ ਨੇ ਇਸ ਬਾਰੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਅਤੇ ਕਿਸੇ ਤਰ੍ਹਾਂ ਜਹਾਜ਼ ਨੂੰ ਖਾਲੀ ਮੈਦਾਨ ਵੱਲ ਲਿਆਂਦਾ। ਇਸ ਤੋਂ ਪਹਿਲਾਂ ਕਿ ਜਹਾਜ਼ ਕਿਸੇ ਵੀ ਆਬਾਦੀ ਵਾਲੇ ਖੇਤਰ ‘ਤੇ ਡਿੱਗਦਾ, ਪਾਇਲਟ ਨੇ ਇਸ ਨੂੰ ਖੇਤਾਂ ‘ਤੇ ਉਤਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਡਿੱਗਣ ਤੋਂ ਕੁਝ ਸੈਕਿੰਡ ਪਹਿਲਾਂ ਪਾਇਲਟ ਅਤੇ ਉਸਦੇ ਸਾਥੀ ਨੇ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੋਵੇਂ ਮੌਕੇ ਦੇ ਨੇੜੇ ਹੀ ਪਏ ਮਿਲੇ, ਦੋਵੇਂ ਸੁਰੱਖਿਅਤ ਹਨ। ਦੋਵਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਜਹਾਜ਼ ‘ਚ ਅੱਗ ਕਿਸ ਕਾਰਨ ਲੱਗੀ? ਜਹਾਜ਼ ਵਿੱਚ ਕੀ ਖਰਾਬੀ ਹੋਈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਿਕਰਯੋਗ ਹੈ ਕਿ ਇਹ ਮਿਗ-29 ਜਹਾਜ਼ ਸੀ, ਜੋ ਪੰਜਾਬ ਦੇ ਆਦਮਪੁਰ ਤੋਂ ਉਡਿਆ ਸੀ। ਅਗਲੇਰੀ ਜਾਣਕਾਰੀ ਦੀ ਉਡੀਕ ਹੈ।