ਹਾਰਨ ਉਪਰੰਤ ਬੀਬੀ ਨੇ ਕਿਹਾ ਮੈਂਬਰਾਂ ਤੋਂ ਭਰੋਸਾ ਉੱਠਿਆ
ਅੰਮ੍ਰਿਤਸਰ, 28 ਅਕਤੂਬਰ 2024-ਅੱਜ ਐਸ.ਜੀ.ਪੀ.ਸੀ. ਪ੍ਰਧਾਨ ਦੀ ਹੋਈ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਚੌਥੀ ਵਾਰ ਪ੍ਰਧਾਨ ਚੁਣ ਲਿਆ ਗਿਆ। ਅੱਜ ਕੁੱਲ ਪਈਆਂ ਵੋਟਾਂ ਵਿਚੋ ਉਨ੍ਹਾਂ ਨੂੰ 107 ਵੋਟਾਂ ਮਿਲੀਆਂ, ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ। ਇਸ ਚੋਣ ਵਿਚ 2 ਵੋਟਾਂ ਰੱਦ ਕੀਤੀਆਂ ਗਈਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਹੋ ਰਹੇ ਜਨਰਲ ਇਜਲਾਸ ਵਿਚ ਮੌਜੂਦਾ ਹਾਊਸ ਦੇ 148 ਮੈਂਬਰਾਂ ਵਿਚੋਂ 139 ਮੈਂਬਰਾਂ ਦੇ ਸ਼ਾਮਿਲ ਹੋਏ ਜ਼ਿਕਰਯੋਗ ਹੈ ਕਿ ਚਾਰ ਮੈਂਬਰਾਂ ਦੇ ਬਿਮਾਰ ਹੋਣ ਕਾਰਨ ਇਜਲਾਸ ਵਾਲੇ ਪਹਿਲੀ ਮੰਜ਼ਿਲ ’ਤੇ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਨਾ ਪਹੁੰਚ ਸਕਣ ਕਾਰਨ ਉਨ੍ਹਾਂ ਦੀ ਵੋਟ ਦੋਵਾਂ ਧਿਰਾਂ ਨਾਲ ਸੰਬੰਧਿਤ ਇਕ ਇਕ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਜਾ ਕੇ ਹੇਠਾਂ ਦਫ਼ਤਰ ਵਿਚ ਹੀ ਪੋਲ ਕਾਰਵਾਈ ਗਈ ਹੈ। ਅੱਜ ਦੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਸਿੰਘ ਸਾਹਿਬਾਨ ਵਿਚੋਂ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੀ ਸ਼ਾਮਿਲ ਹੋਏ ਜਦੋਂ ਕਿ ਪੰਜਾਬ ਦੇ ਤਖ਼ਤ ਸਾਹਿਬਾਨਾਂ ਵਿਚੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਨਹੀਂ ਹੋਏ।
ਇਸ ਮੌਕੇ ਤੇ ਧਾਮੀ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਹਨ। ਐਡਵੋਕੇਟ ਧਾਮੀ ਵਲੋਂ ਕੁਲਵੰਤ ਸਿੰਘ ਮੰਨਣ ਜਲੰਧਰ ਨੂੰ ਇਕ ਸਾਲ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ।
ਬੀਬੀ ਜਗੀਰ ਕੌਰ ਚੋਣ ਹਾਰਨ ਉਪਰੰਤ ਮੀਡੀਆ ਨਾਲ ਰਾਬਤਾ ਕਰਦਿਆ ਕਿਹਾ ਕਿ ਮੇਰਾ ਭਰੋਸਾ ਇਹਨਾਂ ਮੈਂਬਰਾਂ ਤੋਂ ਖਤਮ ਹੋ ਗਿਆ ਹੈ। ਮੈਂ ਚਾਹੁੰਦੀ ਹਾਂ ਕਿ ਦੁਬਾਰਾ ਚੋਣਾਂ ਹੋਣ ਤੇ ਕੌਮ ਦੇ ਸੂਝਵਾਨ ਵਿਅਕਤੀ ਮੈਂਬਰ ਹੋਣ।