ਸਿਹਤ ਮੰਤਰੀ ਵਲੋਂ ‘ਹਰ ਸ਼ੁਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਨੂੰ ਡੇਂਗੂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਉਪਰਾਲਾ ਕਰਾਰ
ਕਿਹਾ, ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਿਹਤ ਦੇ ਖੇਤਰ ’ਚ ਮੋਹਰੀ ਰਾਜ ਬਣਾਉਣ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਕੀਤਾ ਜਾ ਰਿਹੈ ਹੋਰ ਮਜ਼ਬੂਤ
ਜਲੰਧਰ, 25 ਅਕਤੂਬਰ 2024-ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਡੇਂਗੂ ਵਿਰੋਧੀ ਮੁਹਿੰਮ ਨੂੰ ਸੰਜੀਦਗੀ ਨਾਲ ਚਲਾਉਣ ਸਦਕਾ ਇਸ ਸੀਜ਼ਨ ਦੌਰਾਨ ਸੂਬੇ ਵਿੱਚ 70 ਫੀਸਦੀ ਡੇਂਗੂ ਦੇ ਕੇਸਾਂ ਵਿੱਚ ਕਮੀ ਆਈ ਹੈ। ਸਕੂਲ ਆਫ਼ ਐਮੀਨੈਂਸ ਭਾਰਗੋ ਕੈਂਪ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸਿੰਘ ਵਲੋਂ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਵਲੋਂ ‘ਹਰ ਸ਼ੁਕਰਵਾਰ ਡੇਂਗੂ ’ਤੇ ਵਾਰ’ ਚਲਾਈ ਗਈ ਹਫ਼ਤਾਵਾਰੀ ਜਾਗਰੂਕਤਾ ਮੁਹਿੰਮ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਡੇਂਗੂ ਖਿਲਾਫ਼ ਛੇੜੀ ਜੰਗ ਵਿੱਚ ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਵਿਭਾਗਾਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਉਨ੍ਹਾਂ ਨਾਲ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਵਿਆਪਕ ਯੋਜਨਾ ਤਹਿਤ ਆਸ਼ਾ ਵਰਕਰਾਂ ਤੋਂ ਲੈ ਕੇ ਹੋਰਨਾਂ ਉਚੱ ਅਧਿਕਾਰੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਜਿਨ੍ਹਾਂ ਦੇ ਸੰਜੀਦਾ ਉਪਰਾਲਿਆਂ ਤੇ ਵੱਡਮੁੱਲੇ ਸਹਿਯੋਗ ਸਦਕਾ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਡੇਂਗੂ ਕਾਰਨ ਕੇਵਲ ਇਕ ਮੌਤ ਹੀ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਉਨ੍ਹਾਂ ਐਲਾਨ ਕੀਤਾ ਕਿ 20 ਲੱਖ ਵਿਦਿਆਰਥੀਆਂ ਨੂੰ ਡੇਂਗੂ ਦੀ ਰੋਕਥਾਮ ਅਤੇ ਹੋਰਨਾਂ ਜੀਵਨ ਬਚਾਉਣ ਦੇ ਹੁਨਰ ਬਾਰੇ ਸਿੱਖਿਅਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ 12ਵੀਂ ਪਾਸ ਅਤੇ ਗ੍ਰੈਜੂਏਟ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਅਤੇ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਚੰਗੀ ਤਰ੍ਹਾਂ ਜਾਣੂੰ ਹੋਵੇ।
ਡਾ.ਬਲਬੀਰ ਸਿੰਘ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਲਾਮਿਸਾਲ ਕਾਰਜਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਗਿਆ ਕਿ ਸੂਬੇ ਦੇ 881 ਆਮ ਆਦਮੀ ਕਲੀਨਿਕਾਂ ਤੋਂ 1.25 ਕਰੋੜ ਮਰੀਜ਼ਾਂ ਵਲੋਂ ਲਾਭ ਉਠਾਉਣਾ ਸਿਹਤ ਖੇਤਰ ਵਿੱਚ ਮਹੱਤਵਪੂਰਨ ਸੁਧਾਰ ਦਾ ਪ੍ਰਤੀਕ ਹੈ। ਸਿਹਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਜਿਸ ਵਿੱਚ ਜ਼ਿਲ੍ਹਾ ਹਸਪਤਾਲਾਂ ਦਾ ਆਧੁਨਿਕਰਨ ਅਤੇ ਚੋਣ ਜਾਬਤਾ ਹੱਟਣ ਤੋਂ ਬਾਅਦ 400 ਮਾਹਿਰ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਸ਼ਾਮਿਲ ਹੈ, ਪੰਜਾਬ ਸਰਕਾਰ ਦੀ ਹੰਗਾਮੀ ਹਲਾਤਾਂ ਵਿੱਚ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕ੍ਰਾਂਤਕਾਰੀ ਕਦਮਾਂ ਦਾ ਮੰਤਵ ਸੂਬੇ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਜਿਸ ਵਲੋਂ ਸੜਕੀ ਦੁਰਘਟਨਾਵਾਂ ਹੋਣ ’ਤੇ ਤੁਰੰਤ ਮਦਦ ਕੀਤੀ ਜਾਂਦੀ ਹੈ ਨਾਲ ਸੜਕੀ ਦੁਰਘਟਨਾਵਾਂ ਵਿੱਚ 50 ਫੀਸਦੀ ਮੌਤਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲੀ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਵਲੋਂ ਡੇਂਗੂ ਲਾਰਵਾ ਦੀ ਜਾਂਚ ਲਈ ਵੱਖ-ਵੱਖ ਘਰਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀਆਂ ਟੈਂਕੀਆਂ ਦੀ ਨਿਯਮਤ ਸਫਾਈ ਕਰਨਾ ਅਤੇ ਪਾਣੀ ਨੂੰ ਆਪਣੇ ਆਲੇ ਦੁਆਲੇ ਖੜ੍ਹਾ ਨਾ ਹੋਣ ਦੇਣਾ ਹਫ਼ਤਾਵਾਰੀ ਡੇਂਗੂ ਜਾਗਰੂਕਤਾ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸੂਬੇ ਨੂੰ ਸਿਹਤਮੰਦ ਰਾਜ ਬਣਾਉਣ ਲਈ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਅਹਿਮ ਪਹਿਲਕਦਮੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇ।

