ਅਧਿਕਾਰੀ/ਕਰਮਚਾਰੀ ਪਸ਼ੂ ਪਾਲਕਾਂ ਦੇ ਘਰਾਂ ’ਚ ਜਾ ਕੇ ਪਸ਼ੂਆਂ ਨੂੰ ਲਗਾਉਣਗੇ ਵੈਕਸੀਨ, 28 ਟੀਮਾਂ ਗਠਿਤ
ਜਲੰਧਰ, 20 ਅਕਤੂਬਰ 2024 -: ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਰਾਜ ਵਿਆਪੀ ਮੁਹਿੰਮ ਤਹਿਤ 21 ਅਕਤੂਬਰ ਤੋਂ ਜ਼ਿਲ੍ਹੇ ਵਿੱਚ ਪਸ਼ੂਧਨ ਨੂੰ ਮੁਫ਼ਤ ਵੈਕਸੀਨ ਲਗਾਈ ਜਾਵੇਗੀ।
ਪਸ਼ੂ ਪਾਲਣ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਡਾ. ਰਾਮ ਮੂਰਤੀ ਮੱਟੂ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਜੀ.ਐਸ. ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਸੋਮਵਾਰ ਤੋਂ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟੀਕਾਕਰਨ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਸੁਚੱਜੇ ਸੰਚਾਲਨ ਲਈ ਜ਼ਿਲ੍ਹੇ ਵਿੱਚ ਕੁੱਲ 28 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਵੈਕਸੀਨ ਦੀਆਂ ਕੁੱਲ 3,38,600 ਖੁਰਾਕਾਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਪਸ਼ੂਆਂ ਨੂੰ ਮੂੰਹ-ਖੁਰ ਦੀ ਬੀਮਾਰੀ ਤੋਂ ਬਚਾਉਣ ਲਈ ਮੁਫ਼ਤ ਟੀਕੇ ਲਗਾਉਣਗੇ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ/ਕਰਮਚਾਰੀਆਂ ਨੂੰ ਲਗਾਈ ਗਈ ਵੈਕਸੀਨ ਦੀ ਰਿਪੋਰਟ ਰੋਜ਼ਾਨਾ ਆਪੋ-ਆਪਣੀ ਤਹਿਸੀਲ ਦੇ ਸੀਨੀਅਰ ਵੈਟਰਨਰੀ ਅਫ਼ਸਰ ਪਾਸ ਜਮ੍ਹਾ ਕਰਵਾਉਣੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਜਲੰਧਰ ਦੇ ਸਹਾਇਕ ਡਾਇਰੈਕਟਰ ਡਾ. ਅਨਿਲ ਕੁਮਾਰ ਇਸ ਮੁਹਿੰਮ ਦੇ ਨੋਡਲ ਅਫ਼ਸਰ ਹੋਣਗੇ ਜਦਕਿ ਸਹਾਇਕ ਡਾਇਰੈਕਟਰ ਡਾ. ਬਲਬੀਰ ਸਿੰਘ ਨੂੰ ਸਹਾਇਕ ਨੋਡਲ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਇਸ ਮੁਹਿੰਮ ਵਿਚ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹਿਯੋਗ ਦੇਣ ਅਤੇ ਆਪਣੇ ਪਸ਼ੂਆਂ ਨੂੰ ਮੂੰਹ-ਖੁਰ ਦੀ ਬੀਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।