Breaking
Fri. Mar 28th, 2025

ਪੰਚਾਇਤੀ ਚੋਣਾਂ ਦੌਰਾਨ 4 ਵਜੇ ਤੱਕ ਜਲੰਧਰ ’ਚ 57.99 ਫੀਸਦੀ ਵੋਟਿੰਗ

  • ਡਿਪਟੀ ਕਮਿਸ਼ਨਰ ਨੇ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੋਟਰਾਂ ਅਤੇ ਚੋਣ ਅਮਲੇ ਦਾ ਕੀਤਾ ਧੰਨਵਾਦ
    ਜਲੰਧਰ, 15 ਅਕਤੂਬਰ 2024- : ਅੱਜ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਸ਼ਾਮ 4 ਵਜੇ ਤੱਕ 57.99 ਫੀਸਦੀ ਫੀਸਦੀ ਵੋਟਿੰਗ ਹੋਈ। ਸਾਰੇ 1004 ਪੋਲਿੰਗ ਸਟੇਸ਼ਨਾਂ ’ਤੇ ਸ਼ਾਂਤਮਈ ਤਰੀਕੇ ਨਾਲ ਸਵੇਰੇ 8 ਵਜੇ ਮੱਤਦਾਨ ਸ਼ੁਰੂ ਹੋਇਆ ਅਤੇ ਸ਼ਾਮ 4 ਵਜੇ ਤੱਕ ਪੋਲਿੰਗ ਸਟੇਸ਼ਨਾਂ ਦੇ ਅੰਦਰ ਲਾਈਨਾਂ ਵਿੱਚ ਖੜ੍ਹੇ ਵੋਟਰਾਂ ਲਈ ਵੋਟਿੰਗ ਪ੍ਰਕਿਰਿਆ ਅਜੇ ਜਾਰੀ ਸੀ।
    ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਚੋਣ ਅਮਲ ਦੇ ਨਿਰਵਿਘਨ ਸੰਚਾਲਨ ਦੀ ਸ਼ਲਾਘਾ ਕੀਤੀ, ਜਿਸ ਨੂੰ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 7,426 ਪੋਲਿੰਗ ਸਟਾਫ਼ ਵੱਲੋਂ ਨੇਪਰੇ ਚਾੜ੍ਹਿਆ ਗਿਆ।
    ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਦੌਰਾਨ 8,15033 ਵੋਟਰਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਨੇ ਐਸ.ਐਸ.ਪੀ. ਜਲੰਧਰ ਹਰਕਮਲ ਪ੍ਰੀਤ ਸਿੰਘ ਖੱਖ ਸਮੇਤ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਉਥੇ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕੀਤੀ।
    ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਭਰ ਵਿੱਚ 2500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਉਨ੍ਹਾਂ ਕਿਹਾ ਕਿ ਦਿਨ ਭਰ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਜੋ ਕਿ ਪ੍ਰਸ਼ਾਸਨ ਦੀ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਤਾਲਮੇਲ ਨੂੰ ਦਰਸਾਉਂਦਾ ਹੈ।
    ਡਿਪਟੀ ਕਮਿਸ਼ਨਰ ਨੇ ਸਮੂਹ ਵੋਟਰਾਂ, ਚੋਣ ਅਮਲੇ ਅਤੇ ਸੁਰੱਖਿਆ ਕਰਮੀਆਂ ਦਾ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਿੱਤੇ ਸਹਿਯੋਗ ਅਤੇ ਸਮਰਪਣ ਲਈ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ 195 ਪੰਚਾਇਤਾਂ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਅਤੇ ਰਹਿੰਦੀਆਂ 695 ਪੰਚਾਇਤਾਂ (1662 ਸਰਪੰਚਾਂ ਅਤੇ 5464 ਪੰਚਾਂ) ਲਈ ਅੱਜ ਜ਼ਿਲ੍ਹੇ ਦੇ 11 ਬਲਾਕਾਂ ਆਦਮਪੁਰ, ਭੋਗਪੁਰ, ਜਲੰਧਰ ਪੂਰਬੀ, ਜਲੰਧਰ ਪੱਛਮੀ, ਲੋਹੀਆਂ ਖਾਸ, ਮਹਿਤਪੁਰ, ਨਕੋਦਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ ਤੇ ਸ਼ਾਹਕੋਟ ਦੇ ਪਿੰਡਾਂ ਵਿੱਚ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧਾਂ ਸਦਕਾ ਸ਼ਾਂਤੀਪੂਰਵਕ ਢੰਗ ਨਾਲ ਵੋਟਿੰਗ ਹੋਈ।

Related Post

Leave a Reply

Your email address will not be published. Required fields are marked *