Breaking
Fri. Mar 28th, 2025

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਮੁਕੰਮਲ, ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ

8,15033 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਚਨਬੱਧ : ਡਿਪਟੀ ਕਮਿਸ਼ਨਰ

ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਸ਼ਿੱਦਤ ਤੇ ਤਨਦੇਹੀ ਨਾਲ ਨਿਭਾਉਣ ਲਈ ਦਿੱਤੀ ਹੱਲਾਸ਼ੇਰੀ

ਜਲੰਧਰ, 14 ਅਕਤੂਬਰ 2024 -: ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ 15 ਅਕਤੂਬਰ ਨੂੰ ਜ਼ਿਲ੍ਹੇ ਦੀਆਂ 695 ਗ੍ਰਾਮ ਪੰਚਾਇਤਾਂ ਲਈ ਪੈਣ ਵਾਲੀਆਂ ਵੋਟਾਂ ਲਈ ਸਮੁੱਚੇ 1209 ਪੋਲਿੰਗਾਂ ਬੂਥਾਂ ’ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 195 ਗ੍ਰਾਮ ਪੰਚਾਇਤਾਂ ਦੀ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਕੀਤੀ ਜਾ ਚੁੱਕੀ ਹੈ ਅਤੇ ਰਹਿੰਦੀਆਂ 695 ਪੰਚਾਇਤਾਂ ਦੀ ਚੋਣ ਲਈ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 8,15033 ਵੋਟਰ ਹਨ, ਜਿਨ੍ਹਾਂ ਵਿੱਚ 4,20756 ਪੁਰਸ਼, 3,94268 ਮਹਿਲਾ ਅਤੇ 9 ਹੋਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 10 ਹਜ਼ਾਰ ਤੋਂ ਵੱਧ ਪੋਲਿੰਗ ਸਟਾਫ਼ ਇਨ੍ਹਾਂ ਚੋਣਾਂ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਉਨ੍ਹਾਂ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਨਿਰਧਾਰਤ ਸਮੇਂ ’ਤੇ ਪੋਲਿੰਗ ਸਟੇਸ਼ਨਾਂ ’ਤੇ ਪਹੁੰਚਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ’ਤੇ ਪਛਾਣ ਪੱਤਰ ਦੇ ਰੂਪ ਵਿਚ ਨਾਗਰਿਕ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਗਨਰੇਗਾ ਜਾਬ ਕਾਰਡ, ਡਰਾਈਵਿੰਗ ਲਾਈਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਗਰਿਕ ਪਾਸਬੁੱਕ (ਬੈਂਕ/ਘਾਕਘਰ ਵੱਲੋਂ ਜਾਰੀ), ਜਿਸ ਵਿਚ ਤਸਵੀਰ ਹੋਵੇ, ਸਿਹਤ ਬੀਮਾ ਕਾਰਡ (ਕਿਰਤ ਮੰਤਰਾਲਾ ਵੱਲੋਂ ਜਾਰੀ), ਸਰਵਿਸ ਸ਼ਨਾਖਤੀ ਕਾਰਡ (ਫੋਟੋ ਨਾਲ) ਜੋ ਕੇਂਦਰ/ਸੂਬਾ ਸਰਕਾਰ/ਪੀ.ਐਸ.ਯੂ/ਜਨਤਕ ਲਿਮਟਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਹੋਣ, ਸਮਾਰਟ ਕਾਰਡ (ਆਰ.ਜੀ.ਆਈ. ਦੁਆਰਾ ਐਨ.ਪੀ.ਆਰ. ਤਹਿਤ ਜਾਰੀ), ਪੈਨਸ਼ਨ ਦਸਤਾਵੇਜ਼ (ਫੋਟੋ ਨਾਲ), ਐਮ.ਪੀ/ਐਮ.ਐਲ.ਏ. ਨੂੰ ਜਾਰੀ ਅਧਿਕਾਰਤ ਪਛਾਣ ਪੱਤਰ, ਯੂਨੀਕ ਡਿਸਏਬਿਲਟੀ ਆਈ.ਡੀ.ਆਰਡ (ਯੂ.ਡੀ.ਆਈ.ਡੀ ਕਾਰਡ), ਜੋ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਹੋਣ, ਨੂੰ ਵੀ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੋਲਿੰਗ ਸਟੇਸ਼ਨਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਮੁਕੰਮਲ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਤਰਜ਼ੀਹ ਹੈ। ਉਨ੍ਹਾਂ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਸ਼ਿੱਦਤ ਤੇ ਤਨਦੇਹੀ ਨਾਲ ਨਿਭਾਉਣ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਚੋਣ ਅਮਲੇ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਸ ਮਹਤਵਪੂਰਨ ਕਾਰਜ ਵਿੱਚ ਡਿਊਟੀ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ।
ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਕਰਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸ਼ਾਂਤੀ ਅਤੇ ਅਨੁਸ਼ਾਸਨ ਨਾਲ ਵੋਟਾਂ ਪਾਉਣ ਅਤੇ ਲੋਕਤੰਤਰ ਪ੍ਰਕਿਰਿਆ ਨੂੰ ਸਫ਼ਲ ਬਣਾਉਣ।

Related Post

Leave a Reply

Your email address will not be published. Required fields are marked *