ਫਿਲੌਰ, 13 ਅਕਤੂਬਰ 2024- ਅੱਜ ਇਥੇ ਜੀ.ਟੀ ਰੋਡ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਜਾਮ ਲਗਾ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸੰਘਰਸ਼ ਜਾਰੀ ਰੱਖਣ ਦਾ ਸੁਨੇਹਾ ਦਿੱਤਾ। ਇਹ ਕਿਸਾਨ ਝੋਨੇ ਦੀ ਮਾੜੀ ਖਰੀਦ ਤੋਂ ਅੱਕੇ ਹੋਏ ਸਨ। ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਜੀ.ਟੀ ਰੋਡ ਦੇ ਦੋਨੋਂ ਪਾਸੇ ਜਾਮ ਕਰ ਦਿੱਤੇ। ਇਸ ਦੌਰਾਨ ਲਗਾਏ ਧਰਨੇ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਕੁਲਦੀਪ ਫਿਲੌਰ, ਕਿਰਤੀ ਕਿਸਾਨ ਯੂਨੀਅਨ ਦੇ ਗੁਰਕਮਲ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਕਮਲਜੀਤ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਸੁਰੇਸ਼ ਗੋਇਲ ਅਤੇ ਸ਼ੈਲਰ ਐਸੋਸੀਏਸ਼ਨ ਦੇ ਅਸ਼ੋਕ ਕੁਮਾਰ ਗੁਪਤਾ ਨੇ ਕੀਤੀ। ਇਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਤੋਂ ਇਲਾਵਾ ਲਖਵਿੰਦਰ ਸਿੰਘ ਮੋਤੀਪੁਰ, ਜਸਵਿੰਦਰ ਸਿੰਘ ਢੇਸੀ, ਸਰਬਜੀਤ ਸੰਗੋਵਾਲ, ਗੁਰਨਾਮ ਸਿੰਘ ਤੱਗੜ, ਆੜ੍ਹਤੀ ਐਸੋਸੀਏਸ਼ਨ ਦੇ ਗੁਲਸ਼ਨ ਕੁਮਾਰ, ਸੁਰਜੀਤ ਸਿੰਘ ਸਮਰਾ, ਬੂਟਾ ਸਿੰਘ ਤਲਵਣ, ਸਤਨਾਮ ਸਿੰਘ ਰੁੜਕੀ ਨੇ ਸੰਬੋਧਨ ਕੀਤਾ। ਇਸ ਦੀ ਹਮਾਇਤ ’ਚ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਵੀ ਸੰਬੋਧਨ ਕੀਤਾ।
12 ਵਜੇ ਤੋਂ 3 ਵਜੇ ਤੱਕ ਟ੍ਰੈਫਿਕ ਜਾਮ ਰਿਹਾ, ਜਿਸ ਦੌਰਾਨ ਸੰਕਟ ’ਚ ਫਸੇ ਲੋਕਾਂ ਅਤੇ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਅੱਗੇ ਜਾਣ ਦਿੱਤਾ ਗਿਆ।
ਫਿਲੌਰ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਲਗਾਇਆ ਜਾਮ
