Breaking
Fri. Mar 28th, 2025

ਆਦਮਪੁਰ ਨੇੜੇ ਹਿਰਾਸਤ ‘ਚੋਂ ਨਾਬਾਲਗ ਦੇ ਫ਼ਰਾਰ ਹੋਣ ਤੋਂ ਉਪਰੰਤ ਦੋ ਪੁਲਿਸ ਅਧਿਕਾਰੀਆਂ ਦੀਆਂ ਲਾਸ਼ਾਂ ਮਿਲੀਆਂ

ਸ਼ੁਰੂਆਤੀ ਜਾਂਚ ਵਿੱਚ ਮੌਤ ਦਾ ਕਾਰਨ ਜ਼ਹਿਰੀਲਾ ਪਦਾਰਥ ਹੋਣ ਦੇ ਸੰਕੇਤ

ਜਲੰਧਰ, 8 ਅਕਤੂਬਰ 2024- ਕਪੂਰਥਲਾ ਦੀ ਅਦਾਲਤ ਤੋਂ ਹੁਸ਼ਿਆਰਪੁਰ ਜੁਵੇਨਾਈਲ ਜੇਲ੍ਹ ਲੈ ਜਾਂਦੇ ਸਮੇਂ ਆਦਮਪੁਰ ਨੇੜੇ ਹਿਰਾਸਤ ਵਿੱਚੋਂ ਇੱਕ ਨਾਬਾਲਗ ਮੁਲਜ਼ਮ ਦੇ ਫਰਾਰ ਹੋ ਜਾਣ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਪੁਲਿਸ ਅਧਿਕਾਰੀ ਮ੍ਰਿਤਕ ਹਾਲਤ ਵਿੱਚ ਪਾਏ ਗਏ । ਇਹ ਘਟਨਾ ਜਲੰਧਰ ਦਿਹਾਤੀ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਵਾਪਰੀ ਹੈ।

ਪੁਲਿਸ ਟੀਮ ਦੋ ਨਾਬਾਲਗ ਮੁਲਜ਼ਮਾਂ ਨੂੰ ਲੈ ਕੇ ਜਾ ਰਹੀ ਸੀ। ਇਨ੍ਹਾਂ ਵਿੱਚੋਂ ਇੱਕ ਅਮਨਦੀਪ ਉਰਫ਼ ਕਾਲੂ ਉਮਰ 17 ਸਾਲ, ਥਾਣਾ ਸਿਟੀ ਕਪੂਰਥਲਾ ਵਿਖੇ ਦਰਜ 2024 ਦੀ ਐਫ.ਆਈ.ਆਰ. ਨੰਬਰ 67 ਤਹਿਤ ਕਤਲ, ਅਪਰਾਧਿਕ ਧਮਕੀ ਅਤੇ ਸਾਜ਼ਿਸ਼ ਰਚਣ ਸਮੇਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਮੁਲਜ਼ਮ, ਦੇਵ ਕੁਮਾਰ, ਉਮਰ 17.5 ਖਿਲਾਫ਼ ਥਾਣਾ ਸਿਟੀ ਕਪੂਰਥਲਾ ’ਚ ਐਫ.ਆਈ.ਆਰ. ਨੰਬਰ 184/2024 ਤਹਿਤ ਸਮੂਹਿਕ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਹੈ।

ਅਮਨਦੀਪ ਉਰਫ਼ ਕਾਲੂ ਅਦਾਲਤ ਤੋਂ ਵਾਪਸ ਆਉਂਦੇ ਸਮੇਂ ਆਦਮਪੁਰ ਬੱਸ ਸਟੈਂਡ ਨੇੜੇ ਹਿਰਾਸਤ ‘ਚੋਂ ਫ਼ਰਾਰ ਹੋ ਗਿਆ। ਐਲਆਰ/ਏਐਸਆਈ ਜੀਵਨ ਲਾਲ ਅਤੇ ਐਲਆਰ/ਏਐਸਆਈ ਪ੍ਰੀਤਮ ਦਾਸ ਵੱਲੋਂ ਤੁਰੰਤ ਪਿੱਛਾ ਕਰਨ ਦੇ ਬਾਵਜੂਦ ਮੁਲਜ਼ਮ ਗ੍ਰਿਫ਼ਤ ’ਚੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਅਧਿਕਾਰੀਆਂ ਦੀਆਂ ਲਾਸ਼ਾਂ ਆਦਮਪੁਰ ਰੇਲਵੇ ਸਟੇਸ਼ਨ ਤੋਂ ਮਿਲੀਆਂ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਖਾਧਾ ਗਿਆ ਹੈ।
ਤੀਜੇ ਅਧਿਕਾਰੀ ਐਲ.ਆਰ./ਏ.ਐਸ.ਆਈ. ਹਰਜਿੰਦਰ ਸਿੰਘ ਨੇ ਦੂਜੇ ਮੁਲਜ਼ਮ ਦੇਵ ਕੁਮਾਰ ਨੂੰ ਸਫ਼ਲਤਾ ਪੂਰਵਕ ਹਿਰਾਸਤ ਵਿੱਚ ਰੱਖਿਆ ਅਤੇ ਤੁਰੰਤ ਘਟਨਾ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਜਲੰਧਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਡੀ.ਐਸ.ਪੀ. ਆਦਮਪੁਰ ਦੀ ਨਿਗਰਾਨੀ ਅਤੇ ਐਸ.ਐਚ.ਓ. ਆਦਮਪੁਰ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਫ਼ਰਾਰ ਹੋਏ ਨਾਬਾਲਗ ਅਮਨਦੀਪ ਉਰਫ ਕਾਲੂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਡੀ.ਐਸ.ਪੀ. ਆਦਮਪੁਰ ਦੀ ਨਿਗਰਾਨੀ ਹੇਠ ਐਸ.ਐਚ.ਓ. ਆਦਮਪੁਰ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਦੋਵਾਂ ਅਧਿਕਾਰੀਆਂ ਦੀ ਮੌਤ ਦੇ ਸਬੰਧ ਵਿੱਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਵਿੱਚ ਜੀਆਰਪੀ ਦੀ ਸਹਾਇਤਾ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਖੱਖ ਨੇ ਮ੍ਰਿਤਕ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਅੰਤਿਮ ਸੰਸਕਾਰ ਪ੍ਰੋਟੋਕੋਲ ਦੇ ਅਨੁਸਾਰ ਕੀਤਾ ਜਾਵੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ ਮ੍ਰਿਤਕ ਅਧਿਕਾਰੀਆਂ ਦਾ ਉਨ੍ਹਾਂ ਦੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਸਨਮਾਨ ਕੀਤਾ ਜਾਵੇ।
ਐਸ.ਐਸ.ਪੀ. ਖੱਖ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਇਸ ਮਾਮਲੇ ਨੂੰ ਜਲਦ ਹੱਲ ਤੱਕ ਪਹੁੰਚਾਉਣ ਲਈ ਹੁਸ਼ਿਆਰਪੁਰ ਪੁਲਿਸ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਹੀ ਹੈ।

Related Post

Leave a Reply

Your email address will not be published. Required fields are marked *