ਗੁਰਾਇਆ,18 ਸਤੰਬਰ 2024- ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਸ਼ਹੀਦ ਸੋਹਣ ਸਿੰਘ ਢੇਸੀ ਦੀ 35ਵੀਂ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ‘ਚ ਪੂੰਜੀਵਾਦ ਨਹੀਂ ਸਗੋਂ ਸਾਂਝੀਵਾਲਤਾ ਚਾਹੀਦੀ ਹੈ ਤਾਂ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਦਿੱਲੀ ਦੇ ਫਾਸ਼ਾਵਾਦੀ ਰਾਜ ਵਲੋਂ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਉਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਜਿਸ ’ਚ ਲੋਕਾਂ ਲਈ ਸੰਘਰਸ਼ ਕਰਨ ਵਾਲੇ ਕਮਿਊਨਿਸਟਾਂ ਉਪਰ ਵੀ ਹਮਲੇ ਕੀਤੇ ਜਾ ਰਹੇ ਹਨ। ਪਾਸਲਾ ਨੇ ਕਿਹਾ ਕਿ ਇਸ ਦੇ ਮੁਕਾਬਲੇ ਮਜ਼ਦੂਰਾਂ, ਕਿਸਾਨਾਂ ਦੀ ਅਗਵਾਈ ਵਾਲਾ ਰਾਜ ਪ੍ਰਬੰਧ ਹੀ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਦਾ ਹੈ। ਉਨ੍ਹਾ ਕਿਹਾ ਕਿ ਦੇਸ਼ ਦਾ ਹਾਕਮ ਇਹ ਭੁਲ ਗਿਆ ਹੈ ਕਿ ਗਿਣਤੀ ਦੇ ਪੱਖ ਤੋਂ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਮੁਸਲਮਾਨਾਂ ਨੇ ਕੀਤੀਆਂ ਪਰ ਦੇਸ਼ ਦੇ ਹਾਕਮ ਦੇਸ਼ ਦੇ ਮਾਹੌਲ ਨੂੰ ਜਾਣਬੁੱਝ ਕੇ ਫਿਰਕੂ ਰੰਗ ਦੇ ਕੇ ਵਿਗਾੜ ਰਹੇ ਹਨ।
ਪਾਸਲਾ ਨੇ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਆਦਰਸ਼ ਮੰਨਣ ਵਾਲਾ ਆਮ ਆਦਮੀ ਪਾਰਟੀ ਦਾ ਮੁੱਖੀ ਜੇਲ੍ਹ ’ਚੋਂ ਬਾਹਰ ਆਉਣ ਲਈ ਕਦੇ ਸ਼ੂਗਰ ਅਤੇ ਕਦੇ ਕੁੱਝ ਹੋਰ ਦਾ ਬਹਾਨਾ ਬਣਾ ਕੇ ਬਾਹਰ ਆਉਣ ਲਈ ਲਗਾਤਾਰ ਤਤਪਰ ਰਿਹਾ, ਦੂਜੇ ਪਾਸੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਘੁਲਾਟੀਏ ਲਗਾਤਾਰ ਜੇਲ੍ਹਾਂ ‘ਚ ਰਹੇ, ਫਾਂਸੀਆਂ ਦੇ ਰੱਸੇ ਚੁੰਮਦੇ ਰਹੇ। ਬਦਲਾਅ ਦੇ ਨਾਂ ’ਤੇ ਬਣੀ ਇਸ ਸਰਕਾਰ ਦੇ ਰਾਜਭਾਗ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਰਹੀ ਹੈ। ਰੇਤੇ ਸਮੇਤ ਨਸ਼ੇ ਵਰਗੇ ਮੁੱਦੇ ਇਨ੍ਹਾਂ ਤੋਂ ਢਾਈ ਸਾਲ ਬੀਤ ਜਾਣ ਬਾਅਦ ਵੀ ਹੱਲ੍ਹ ਨਹੀਂ ਹੋਏ। ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਵਿਰੋਧੀ ਆਵਾਜ਼ ਨੂੰ ਕੁਚਲ ਦੇਣਾ ਚਾਹੁੰਦੀ ਹੈ।
ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੋਹਣ ਸਿੰਘ ਢੇਸੀ ‘ਚ ਅਥਾਹ ਜਥੇਬੰਦਕ ਸਮਰਥਾ ਸੀ, ਜਿਸ ਕਾਰਨ ਹੀ ਉਹ ਨੌਜਵਾਨਾਂ ਦਾ ਪੰਜਾਬ ਪੱਧਰੀ ਆਗੂ ਬਣ ਸਕਿਆ। ਉਨ੍ਹਾ ਕਿਹਾ ਕਿ ਅਸ਼ਵਨੀ, ਬੀਕਾ, ਮੇਹਲੀ, ਮੁਠੱਡਾ, ਚੀਮਾ ਵਰਗੇ ਅਨੇਕਾਂ ਸਾਥੀ ਸ਼ਹੀਦ ਹੋਏ, ਕਿਸੇ ਵੀ ਪਰਿਵਾਰ ਨੇ ਪਿੱਠ ਨਹੀਂ ਮੋੜੀ।
ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਮਨੋਹਰ ਗਿੱਲ ਅਤੇ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਨੇ ਵੀ ਸਾਥੀ ਸੋਹਣ ਸਿੰਘ ਢੇਸੀ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ।
ਸਟੇਜ ‘ਤੇ ਸ਼ਹੀਦ ਸੋਹਣ ਸਿੰਘ ਢੇਸੀ ਦੀ ਜੀਵਨ ਸਾਥਣ ਬੀਬੀ ਅਜਮੇਰ ਕੌਰ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਰਾਮ ਸਿੰਘ ਕੈਮਵਾਲਾ ਹਾਜ਼ਰ ਸਨ।
ਆਰੰਭ ‘ਚ ਸ਼ਹੀਦੀ ਮਿਨਾਰ ‘ਤੇ ਫੁੱਲ ਅਰਪਣ ਕਰਨ ਤੋਂ ਪਹਿਲਾ ਪਿੰਡ ‘ਚ ਮਾਰਚ ਕੀਤਾ ਗਿਆ। ਜਿਥੇ ਉਕਤ ਆਗੂਆਂ ਤੋਂ ਇਲਾਵਾ ਸਾਥੀ ਦਰਸ਼ਨ ਨਾਹਰ, ਦਲਵਿੰਦਰ ਕੁਲਾਰ, ਮੇਜਰ ਖੁਰਲਾਪੁਰ, ਕੁਲਦੀਪ ਫਿਲੌਰ, ਜਰਨੈਲ ਫਿਲੌਰ, ਮੇਜਰ ਫਿਲੌਰ, ਮਨਜਿੰਦਰ ਢੇਸੀ, ਗੁਰਦੀਪ ਗੋਗੀ, ਕੁਲਜੀਤ ਫਿਲੌਰ, ਮੱਖਣ ਸੰਗਰਾਮੀ, ਕੁਲਜਿੰਦਰ ਤਲਵਣ, ਹਰਦੇਵ ਸੰਧੂ, ਪਰਮਜੀਤ ਬੋਪਾਰਾਏ, ਰਾਮ ਨਾਥ ਦੁਸਾਂਝ, ਮਾ. ਮਲਕੀਅਤ ਸਿੰਘ, ਕੁਲਵੰਤ ਖਹਿਰਾ, ਕੁਲਦੀਪ ਵਾਲੀਆ, ਬਲਵਿੰਦਰ ਸਿੰਘ ਦੁਸਾਂਝ ਆਦਿ ਹਾਜ਼ਰ ਸਨ। ਸ਼ਹੀਦ ਸੋਹਣ ਸਿੰਘ ਢੇਸੀ ਦੇ ਪੋਤਰੇ ਜਸਰਾਜ ਸਿੰਘ ਅਤੇ ਕੁਲਦੀਪ ਵਾਲੀਆ ਨੇ ਕਵਿਤਾਵਾਂ ਪੇਸ਼ ਕੀਤੀਆਂ।
