ਫਿਲੌਰ,15 ਸਤੰਬਰ 2024-ਰੇਲਵੇ ਵਿਭਾਗ ਵਲੋਂ ਕੰਧ ਬਣਾਉਣ ਕਾਰਨ ਪੈਣ ਵਾਲੇ ਉਜਾੜੇ ਤੋਂ ਚਿੰਤਤ ਲੋਕ ਹੋਏ ਇਕੱਠੇ। ਮੁਹੱਲਾ ਸੰਤਖਪੁਰਾ ਦੇ ਵਸਨੀਕਾਂ ਨੇ ਇੱਕ ਮੀਟਿੰਗ ਕੀਤੀ, ਜਿਸ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਕੰਧ ਬਣਾਉਣ ਦੇ ਨਾਂ ਹੇਠ ਲੋਕਾਂ ਦਾ ਉਜਾੜਾ ਬੰਦ ਕੀਤਾ ਜਾਵੇ।

ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਨੇ ਕਿਹਾ ਕਿ ਰੇਲਵੇ ਵਲੋਂ ਕੰਧ ਕੱਢੇ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕੰਧ ਕੱਢਣ ਕਾਰਨ ਲੋਕਾਂ ਦੇ ਉਜਾੜੇ ਦੇ ਨਾਲ ਨਾਲ ਧਾਰਮਿਕ ਸਥਾਨ ਵੀ ਇਸ ਕੰਧ ਦੀ ਜੱਦ ’ਚ ਆ ਜਾਣਗੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਸੰਭਾਵਤ ਉਜਾੜੇ ਦਾ ਵਿਰੋਧ ਕਰਦੇ ਹੋਏ ਆਉਣ ਵਾਲੇ ਸਮੇਂ ‘ਚ ਕੀਤੇ ਜਾਣ ਵਾਲੇ ਸੰਘਰਸ਼ ਦੀ ਹਮਾਇਤ ਕੀਤੀ।
ਉਕਤ ਆਗੂਆਂ ਨੇ ਕਿਹਾ ਜੇ ਰੇਲਵੇ ਨੇ ਕੰਧ ਦੇ ਅੰਦਰ ਵਸਦੇ ਲੋਕਾਂ ਨੂੰ ਉਜਾੜਿਆਂ ਤਾਂ ਜਥੇਬੰਦੀਆਂ ਵਲੋਂ ਲੋਕਾਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਆਰੰਭਿਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਬਿਨ੍ਹਾਂ ਮੁਆਵਜ਼ੇ, ਬਿਨ੍ਹਾਂ ਉਜਾੜੇ ਭੱਤੇ ਤੋਂ, ਬਿਨ੍ਹਾਂ ਨਵੇਂ ਥਾਂ ਵਸੇਬੇ ਤੋਂ ਬਿਨ੍ਹਾਂ ਉਜਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਉਜਾੜੇ ਦਾ ਦਰਦ ਨਹੀਂ ਸਮਝਦੇ, ਸਗੋਂ ਕਾਰਪੋਰਟ ਕੰਪਨੀਆਂ ਦੀਆਂ ਲੋੜਾਂ ਵਾਲਾ ਵਿਕਾਸ ਮਾਡਲ ਲਾਗੂ ਕਰਨ ਲਈ ਕੰਧਾਂ ਉਸਾਰ ਰਹੇ ਹਨ। ਇਸ ਮੌਕੇ ਮਾ. ਹੰਸ ਰਾਜ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ‘ਚ ਸੁਨੀਤਾ ਰਾਣੀ, ਮਨੀਸ਼ਾ ਰਾਣੀ, ਸਦੀਕ ਅਹਿਮਦ, ਭਗਵਾਨ ਸਿੰਘ, ਰਾਮ ਕਿਸ਼ਨ, ਲਵਪ੍ਰੀਤ, ਰਾਜ ਕੁਮਾਰ, ਹਰਨੇਕ ਸਿੰਘ, ਦੇਵ ਰਾਮ, ਬਲਵਿੰਦਰ, ਨਦੀਮ, ਸੁਖਪਾਲ, ਸਰੂਪ ਸਿੰਘ, ਹਨੀ, ਮਨੋਹਰ ਲਾਲ ਨੂੰ ਸ਼ਾਮਲ ਕੀਤਾ ਗਿਆ। ਕਮੇਟੀ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਸਮੇਤ ਹੋਰ ਅਗਲੇ ਐਕਸ਼ਨਾਂ ਲਈ ਨਾਮਜ਼ਦ ਕੀਤਾ ਗਿਆ।