ਜ਼ਿਲ੍ਹੇ ’ਚ ਲਗਾਤਾਰ ਆ ਰਹੀ ਖਾਦ ਦੀ ਲੋੜੀਂਦੀ ਸਪਲਾਈ
ਜਲੰਧਰ, 11 ਸਤੰਬਰ : ਰੱਬੀ ਸੀਜ਼ਨ ਦੌਰਾਨ ਫ਼ਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਡੀ.ਏ.ਪੀ. ਦੀ ਖਾਦ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਕਿਹਾ ਕਿ ਰੱਬੀ ਸੀਜ਼ਨ ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ, ਜਿਸ ਦੇ ਲਈ ਡੀ.ਏ.ਪੀ. ਖਾਦ ਦੀ ਜ਼ਿਲ੍ਹੇ ਵਿੱਚ ਲੋੜੀਂਦੀ ਸਪਲਾਈ ਲਗਾਤਾਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ 655 ਮੀਟ੍ਰਿਕ ਟਨ ਡੀ.ਏ.ਪੀ. ਅਤੇ 699 ਮੀਟ੍ਰਿਕ ਟਨ ਏ.ਐਸ.ਪੀ. ਪ੍ਰਾਪਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਆਲੂ ਦੀ ਬਿਜਾਈ ਲਈ ਅੱਧ ਸਤੰਬਰ ਤੋਂ ਬਾਅਦ ਅਤੇ ਕਣਕ ਦੀ ਬਿਜਾਈ ਲਈ ਅਕਤੂਬਰ ਦੇ ਅਖੀਰ ਵਿੱਚ ਡੀ.ਏ.ਪੀ. ਦੀ ਜ਼ਰੂਰਤ ਪੈਂਦੀ ਹੈ। ਫਾਰਸ ਫੋਰਸ ਖਾਦ ਦੀ ਮੰਗ ਦੂਜੇ ਖਾਦਾਂ ਦੇ ਬਦਲ ਜਿਵੇਂ 20 :20: 0 ਅਤੇ 16 :16 :16 ਅਤੇ ਸੁਪਰ ਫਾਸਫੇਟ ਰਾਹੀਂ ਵੀ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੱਬੀ ਸੀਜ਼ਨ ਦੌਰਾਨ ਡੀ.ਏ.ਪੀ. ਖਾਦ ਦੀ ਸਪਲਾਈ ਕਿਸਾਨਾਂ ਦੀ ਮੰਗ ਮੁਤਾਬਕ ਹੋ ਜਾਵੇਗੀ, ਇਸਲਈ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਇਹ ਕਿਹਾ ਕਿ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਖੇਤੀ ਇਨਪੁਟਸ ਦੀ ਜਮ੍ਹਾਖੋਰੀ, ਕਾਲਾ ਬਾਜ਼ਾਰੀ ’ਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਰੱਬੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਫ਼ਸਲ ਦੀ ਬਿਜਾਈ ਲਈ ਲੋੜੀਂਦੀ ਮਾਤਰਾ ਵਿੱਚ ਡੀ.ਏ.ਪੀ. ਖਾਦ ਉਪਲਬਧ ਕਰਵਾਈ ਜਾਵੇਗੀ।