ਜਲੰਧਰ, 23 ਅਗਸਤ 2024-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਰੋਟਰੀ ਜਲੰਧਰ ਵੈਸਟ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਮਹਿਲਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਲਈ ਵਿਸ਼ੇਸ਼ ਕੈਂਸਰ ਜਾਗਰੂਕਤਾ ਅਤੇ ਚੈੱਕਅਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਪਹਿਲਕਦਮੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਪਣੇ ਸਟਾਫ਼ ਦੀਆਂ ਸਮੂਹ ਮਹਿਲਾ ਮੈਂਬਰਾਂ ਨੂੰ ਇਸ ਉਪਰਾਲੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਖੁਦ ਇੱਕ ਡਾਕਟਰ ਹੋਣ ਦੇ ਨਾਤੇ ਔਰਤਾਂ ਲਈ ਬ੍ਰੈਸਟ ਤੇ ਸਰਵਾਈਕਲ ਕੈਂਸਰ ਸਮੇਤ ਕੈਂਸਰ ਜਾਗਰੂਕਤਾ ਦੀ ਮਹੱਤਤਾ ਨੂੰ ਬਾਖੂਬੀ ਸਮਝਦੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਕੈਂਸਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਮੈਮੋਗ੍ਰਾਫੀ ਅਤੇ ਹੋਰ ਸਬੰਧਤ ਟੈਸਟ ਕਰਨ ਲਈ ਪੂਰੀ ਤਰ੍ਹਾਂ ਲੈਸ ਹੈ।
ਕਲੱਬ ਦੇ ਸਲਾਹਕਾਰ ਡਾ.ਐਸ.ਪੀ.ਐਸ. ਗਰੋਵਰ ਨੇ ਦੋ ਮਹੀਨਿਆਂ ਲਈ ਹਰ ਦੂਜੇ ਸ਼ਨੀਵਾਰ ਮਹਿਲਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਦੀ ਮੁਫ਼ਤ ਮੈਮੋਗ੍ਰਾਫੀ ਕਰਵਾਉਣ ਦਾ ਐਲਾਨ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਦਿਨ ਵਧਾਏ ਜਾ ਸਕਦੇ ਹਨ। ਚੈੱਕਅਪ ਇੱਥੇ ਲਿੰਕ ਰੋਡ ‘ਤੇ ਸਥਿਤ ਨਿਊ ਰੂਬੀ ਹਸਪਤਾਲ ਵਿਖੇ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਡਾ. ਅਗਰਵਾਲ ਦਾ ਰੋਟਰੀ ਕਲੱਬ ਦੇ ਪ੍ਰਧਾਨ ਟੀ.ਪੀ.ਐਸ ਬਜਾਜ, ਡਾ. ਗਰੋਵਰ ਅਤੇ ਡਾ. ਸੁਸ਼ਮਾ ਚਾਵਲਾ ਵੱਲੋਂ ਸਵਾਗਤ ਕੀਤਾ ਗਿਆ।
ਸੀਨੀਅਰ ਗਾਇਨੀਕੋਲੋਜਿਸਟ ਅਤੇ ਪ੍ਰਧਾਨ ਨੈਸ਼ਨਲ ਐਸੋਸੀਏਸ਼ਨ ਫਾਰ ਰੀਪ੍ਰੋਡਕਟਿਵ ਐਂਡ ਚਾਈਲਡ ਹੈਲਥ ਆਫ਼ ਇੰਡੀਆ, ਜਲੰਧਰ ਚੈਪਟਰ (ਐਨ.ਏ.ਆਰ.ਸੀ.ਐਚ.ਆਈ) ਡਾ. ਸੁਸ਼ਮਾ ਚਾਵਲਾ ਨੇ ਮਹਿਲਾ ਕਰਮਚਾਰੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਘਰ ਬੈਠੇ ਛਾਤੀ ਦੇ ਕੈਂਸਰ ਦੀ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਇਹ ਕੈਂਸਰ ਜ਼ਿਆਦਾਤਰ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਪੁਰਸ਼ਾਂ ਨੂੰ ਵੀ ਇਸ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕ ਜੇਕਰ ਕੋਈ ਪੁਰਸ਼ ਇਸ ਤੋਂ ਪ੍ਰਭਾਵਿਤ ਪਾਇਆ ਜਾਂਦਾ ਹੈ ਤਾਂ ਇਸ ਦੇ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ।
ਡਾ. ਗਰੋਵਰ ਅਤੇ ਡਾ. ਹਰਨੀਤ ਕੌਰ ਵੱਲੋਂ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟਰੀ ਸਕੱਤਰ ਤਰਸੇਮ ਸਿੰਘ, ਰੋਟੇਰੀਅਨ ਰਾਜੇਸ਼ ਬਾਲੀ ਆਦਿ ਵੀ ਮੌਜੂਦ ਸਨ।
