ਫਿਲੌਰ, 9 ਅਗਸਤ 2024- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਾਰਪੋਰੇਟੋ ਭਾਰਤ ਛੱਡੋ ਦੇ ਸੱਦੇ ਤਹਿਤ ਸ਼ਹਿਰ ‘ਚ ਮਾਰਚ ਕੀਤਾ ਗਿਆ। ਇਹ ਸੱਦਾ 9 ਅਗਸਤ 1942 ਅੰਗਰੇਜ਼ੋ ਭਾਰਤ ਛੱਡੋ ਦੀ ਵਰ੍ਹੇਗੰਢ ਮੌਕੇ ਦਿੱਤਾ ਗਿਆ ਸੀ। ਇਸ ਮੌਕੇ ਕਿਸਾਨਾਂ ਦੀ ਕੀਤੀ ਇਕੱਤਰਤਾ ਨੂੰ ਜਮਹੂਰੀ ਕਿਸਾਨ ਸਭਾ ਦੇ ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਸਰਬਜੀਤ ਸੰਗੋਵਾਲ, ਕੁਲਜੀਤ ਸਿੰਘ, ਕੁਲਵੰਤ ਖਹਿਰਾ, ਕਿਰਤੀ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਤੱਗੜ, ਨਿਰਮਲ ਸਿੰਘ ਤੱਗੜ, ਬੀਕੇਯੂ ਰਾਜੇਵਾਲ ਦੇ ਬਲਜੀਤ ਸਿੰਘ ਅਕਲਪੁਰ, ਜਰਨੈਲ ਸਿੰਘ ਮੋਤੀਪੁਰ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਕਾਰਪੋਰੇਟਾਂ ਦੇ ਫਾਇਦੇ ’ਚ ਜਾਣ ਵਾਲੇ ਕਾਨੂੰਨ ਬਣਾਉਂਦੇ ਹਨ। ਜਿਸ ਨਾਲ ਇਨ੍ਹਾਂ ਦੇ ਵਪਾਰ ਤੇ ਮੁਨਾਫ਼ੇ ਨਵੀਂਆਂ ਜ਼ਰਬਾਂ ਨਾਲ ਅੱਗੇ ਵੱਧਦੇ ਹਨ ਅਤੇ ਆਮ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ। ਆਗੂਆਂ ਨੇ ਕਿਹਾ ਕਿ ਕਾਰਪੋਰੇਟਾਂ ਲਈ ਨਵੀਂਆਂ ਸੜਕਾਂ ਤੇ ਨਵੀਆਂ ਲਾਈਨਾਂ ਕੱਢੀਆਂ ਜਾ ਰਹੀਆਂ ਹਨ, ਜਿਸ ਨਾਲ ਇਨ੍ਹਾਂ ਦੇ ਵਪਾਰ ਦੂਣੇ ਹੋਣਗੇ ਅਤੇ ਛੋਟੇ ਦੁਕਾਨਦਾਰ ਖਤਮ ਹੋਣ ਵੱਲ ਦੇ ਹਲਾਤ ਪੈਦਾ ਹੋ ਜਾਣਗੇ।
ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਹਿਲਾ ਹੀ ਹਾਕਮਾਂ ਵਲੋਂ ਉਦਾਰੀਕਰਨ ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਖੇਤੀ ਘਾਟੇਵੰਦਾ ਧੰਦਾ ਹੋ ਨਿਬੱੜੀ ਹੈ। ਖੁਦਕਸ਼ੀਆਂ ਵੱਧ ਰਹੀਆਂ ਹਨ ਅਤੇ ਆਮ ਕਿਸਾਨ ਖੇਤੀ ’ਚੋਂ ਨਿੱਕਲ ਕੇ ਸ਼ਹਿਰਾਂ ਵੱਲ ਰੁਜ਼ਗਾਰ ਦੀ ਭਾਲ ’ਚ ਜਾ ਰਹੇ ਹਨ। ਮਾਲ ਕਲਚਰ ਆਉਣ ਤੋਂ ਬਾਅਦ ਕਾਰਪਰੇਟ ਘਰਾਣੇ ਖੇਤੀ ਉਪਜ ਨੂੰ ਵੀ ਸਸਤੇ ਭਾਅ ਖਰੀਦ ਕੇ ਆਪੋ ਆਪਣੇ ਮਾਲਾਂ ’ਚ ਵੇਚਣ ਦੀਆਂ ਵਿਉੰਤਾਂ ਗੁੰਦ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਕਾਰਪੋਰਟਾਂ ਦੇ ਭਾਰਤ ਛੱਡ ਜਾਣ ਤੱਕ ਲਗਾਤਾਰ ਸੰਘਰਸ਼ ਜਾਰੀ ਰਹੇਗਾ।
ਮਗਰੋਂ ਸ਼ਹਿਰ ’ਚ ਮਾਰਚ ਕਰਕੇ ਆਮ ਲੋਕਾਂ ਨੂੰ ਕਾਰਪੋਰੇਟਾਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਅਜੈ ਫਿਲੌਰ, ਗੁਰਜੀਤ ਜੀਤਾ, ਤਰਜਿੰਦਰ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ ਆਦਿ ਹਾਜ਼ਰ ਸਨ।
ਕਾਰਪੋਰੇਟ ਭਾਰਤ ਛੱਡੋ ਤਹਿਤ ਫਿਲੌਰ ‘ਚ ਮਾਰਚ
