ਐਸ.ਡੀ.ਐਮਜ਼, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਅਧੀਨ ਦਫ਼ਤਰਾਂ ਦੀਆਂ ਨਿਯਮਿਤ ਪੜਤਾਲਾਂ ਯਕੀਨੀ ਬਣਾਉਣ ਲਈ ਕਿਹਾ
ਬਕਾਇਆ ਮਾਲੀਆ ਦੀ ਰਿਕਵਰੀ ਨੂੰ ਤਰਜੀਹ ਦੇਣ ਦੇ ਨਿਰਦੇਜਲੰਧਰ, 2 ਅਗਸਤ 2024-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਮਾਲ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਜਮ੍ਹਾਬੰਦੀਆਂ ਨੂੰ ਡਿਜੀਟਾਈਜ਼ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤਾਂ ਦਿੱਤੀਆਂ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਮ੍ਹਾਬੰਦੀਆਂ ਦੀ ਡਿਜੀਟਾਈਜ਼ੇਸ਼ਨ ਸੰਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਮ੍ਹਾਬੰਦੀਆਂ ਨੂੰ ਡਿਜੀਟਾਈਜ਼ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਜਮ੍ਹਾਬੰਦੀਆਂ ਨੂੰ ਜਲਦ ਤੋਂ ਜਲਦ ਲਾਈਵ ਕਰਨ ਦੇ ਨਿਰਦੇਸ਼ ਵੀ ਦਿੱਤੇ।
ਉਪ ਮੰਡਲ ਮੈਜਿਸਟ੍ਰੇਟਾਂ ਨੂੰ ਆਪਣੇ ਅਧੀਨ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੀ ਨਿਯਮਿਤ ਪੜਤਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਡਾ. ਅਗਰਵਾਲ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਕਿਹਾ ਕਿ ਨਿਰਧਾਰਤ ਕੈਲੰਡਰ ਅਨੁਸਾਰ ਪਟਵਾਰੀ ਤੇ ਕਾਨੂੰਨਗੋ ਪੱਧਰ ਦੀ ਪੜਤਾਲ ਕਰਕੇ ਨਿਯਮਿਤ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਬਕਾਇਆ ਮਾਲੀਆ ਦੀ ਰਿਕਵਰੀ ਨੂੰ ਤਰਜੀਹ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇੰਤਕਾਲਾਂ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਸਬੰਧੀ ਪੈਂਡੈਂਸੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਅਜਿਹੇ ਕੇਸਾਂ ਦੀ ਲਗਾਤਾਰ ਸੁਣਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਕੇਸਾਂ ਵਿੱਚ ਸਬੰਧਤ ਧਿਰਾਂ ਸਹਿਮਤ ਹੋਣ, ਉਨ੍ਹਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਮਾਮਿਤਵ ਸਕੀਮ, ਪ੍ਰਬੰਧਕੀ ਕੰਪਲੈਕਸਾਂ ਵਿੱਚ ਨਵੀਂ ਉਸਾਰੀ/ਮੁਰੰਮਤ ਆਦਿ ਲਈ ਪੀ.ਐਲ.ਆਰ.ਐਸ. ਫੰਡਾਂ ਵਿੱਚੋਂ ਜਾਰੀ ਫੰਡਾਂ ਦੀ ਵਰਤੋਂ, ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ, ਮਾਲ ਅਦਾਲਤ ਵਿੱਚ ਲੰਬਿਤ ਮਾਮਲਿਆਂ, ਵਟਸਐਪ ਰਾਹੀਂ ਭਾਰਤੀ ਅਤੇ ਐਨ.ਆਰ.ਆਈ. ਵਸਨੀਕਾਂ ਵੱਲੋਂ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਆਦਿ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਉਪ ਮੰਡਲ ਮੈਜਿਸਟ੍ਰੇਟਾਂ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਨਾਲ ਕੁਲੈਕਟਰ ਰੇਟਾਂ ਦੀ ਸੁਧਾਈ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਕੁਲੈਕਟਰ ਰੇਟ ਸੋਧਣ ਸਬੰਧੀ ਡ੍ਰਾਫ਼ਟ ਤਹਿਸੀਲਾਂ, ਐਸ.ਡੀ.ਐਮ. ਦਫ਼ਤਰਾਂ ਤੇ ਐਚ.ਆਰ.ਸੀ. ਬ੍ਰਾਂਚ ਵਿਖੇ ਮੌਜੂਦ ਹਨ, ਜਿਸ ਉੱਪਰ ਕਿਸੇ ਤਰ੍ਹਾਂ ਦੇ ਇਤਰਾਜ਼ ਲਈ ਲੋਕ ਇਨ੍ਹਾਂ ਦਫ਼ਤਰਾਂ ਵਿਖੇ ਜਾ ਕੇ ਡ੍ਰਾਫ਼ਟ ਵੇਖ ਸਕਦੇ ਹਨ । ਉਨ੍ਹਾਂ ਕਿਹਾ ਕਿ ਡ੍ਰਾਫ਼ਟ ਸਬੰਧੀ ਜੇ ਕੋਈ ਇਤਰਾਜ ਹੈ ਤਾਂ ਉਹ ਸੰਬੰਧਿਤ ਦਫ਼ਤਰ ਵਿਖੇ ਦਿੱਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਐਸ.ਡੀ.ਐਮ. ਜਲੰਧਰ-1 ਜੈ ਇੰਦਰ ਸਿੰਘ, ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਭੋਗਲ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।