ਨਕੋਦਰ, 1 ਅਗਸਤ 2024- ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪ੍ਰਦੀਪ ਕਲੇਰ ਨੂੰ ਸ਼੍ਰੀ ਕਹਿ ਕੇ ਸੰਬੋਧਨ ਕਹੇ ਜਾਣ ਦਾ ਸਖਤ ਨੋਟਿਸ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਰਾਜ ਕਮਲ ਸਿੰਘ ਭੁੱਲਰ ਅਤੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭੁੱਲਰ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ।
ਉਹਨਾਂ ਕਿਹਾ ਕਿ ਪਾਰਟੀ ਦੇ ਵਿੱਚ ਰਹਿ ਕੇ ਸੱਤਾ ਦਾ ਆਨੰਦ ਮਾਨਣ ਵਾਲੇ ਵਡਾਲਾ ਪਾਰਟੀ ਦੇ ਵਿੱਚੋਂ ਕੱਢੇ ਜਾਣ ‘ਤੇ ਉਹ ਹੁਣ ਅਕਾਲੀ ਦਲ ਸੁਧਾਰ ਕਮੇਟੀ ਦੀ ਗੱਲ ਕਰਦੇ ਹਨ ਜਦਕਿ ਦੂਜੇ ਪਾਸੇ ਐਸੇ ਬੰਦਿਆਂ ਨੂੰ ਸ਼੍ਰੀਮਾਨ ਕਹਿ ਕੇ ਗੱਲ ਕਰਦੇ ਹਨ। ਭੁੱਲਰ ਨੇ ਵਡਾਲਾ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਬਰਗਾੜੀ ਕਾਂਡ ਨਾਲ ਸੰਬੰਧਿਤ ਗੁਰੂ ਦੇ ਦੋਖੀ ਐਸੇ ਲੋਕਾਂ ਨੂੰ ਇੱਜਤ ਮਾਣ ਦੇ ਕੇ ਉਹ ਕਿਹੜੇ ਸੁਧਾਰ ਦੀ ਗੱਲ ਕਰਦੇ ਹਨ ਜਿਨਾਂ ਦਾ ਨਾਮ ਲੈਣਾ ਹੀ ਪਸੰਦ ਨਹੀਂ ਕੀਤਾ ਜਾਣਾ ਚਾਹੀਦਾ, ਉਹ ਇੱਜਤ ਤੇ ਭਾਗੀ ਕਿਸ ਤਰ੍ਹਾਂ ਹੋ ਸਕਦੇ ਨੇ? ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਬਣਾਈ ਗਈ 13 ਮੈਂਬਰੀ ਸੁਧਾਰl ਕਮੇਟੀ ਦੌਰਾਨ ਵਡਾਲਾ ਨੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਹੀ ਮੈਂਬਰ ਕਿਉਂ ਬਣਾਇਆ? ਉਹਨਾਂ ਕਿਹਾ ਕਿ ਸੁਖਬੀਰ ਬਾਦਲ ਤੇ ਉਗਲਾਂ ਚੁੱਕਣ ਵਾਲੇ ਹੁਣ ਦੱਸਣ ਕਿ ਕੀ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚੋਂ ਕੋਈ ਹੋਰ ਸੂਝਵਾਨ ਪੰਜਾਬ ਹਿਤੈਸ਼ੀ ਬੁੱਧੀਜੀਵੀ ਆਗੂ ਨਹੀਂ ਮਿਲੇ? ਪਾਰਟੀ ਤੋਂ ਬਾਗੀ ਹੋਏ ਆਗੂਆਂ ਤੇ ਸ਼ਬਦੀ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਸੰਭਾਲਣ ਸਮੇਂ ਵੱਡੇ ਵੱਡੇ ਅਹੁਦਿਆਂ ਦਾ ਆਨੰਦ ਮਾਨਣ ਵਾਲੇ ਆਗੂ ਹੀ ਅੱਜ ਸੱਤਾ ਦੇ ਲਾਲਚ ਵਸ ਹੋ ਕੇ ਬਾਦਲ ਪਰਿਵਾਰ ਤੇ ਹੀ ਉਗਲਾਂ ਚੁੱਕ ਰਹੇ ਹਨ। ਜਦਕਿ ਪੰਜਾਬੀਆਂ ਦੀ ਆਪਣੀ ਇੱਕੋ ਇੱਕ ਹਮਦਰਦ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਸ ਨੂੰ ਖਤਮ ਕਰਨ ਅਤੇ ਪੰਥ ਵਿਰੋਧੀ ਸਾਜਿਸ਼ਾਂ ਰਚਣ ਵਾਲਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ, ਇਹ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ।
ਸ. ਭੁੱਲਰ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਪਾਰਟੀ ਦੇ ਨਾਲ ਖੜਨ ਦੀ ਜਰੂਰਤ ਹੈ ਤਾਂ ਐਸੇ ਲੋਕ ਪਾਰਟੀ ਨੂੰ ਡੁੱਬਦੀ ਬੇੜੀ ਸਮਝ ਕੇ ਦੂਸਰੀਆਂ ਬੇੜੀਆਂ ਦੇ ਵਿੱਚ ਸਵਾਰ ਹੋਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ ਪਰੰਤੂ ਇਹ ਲੋਕ ਭੁੱਲ ਰਹੇ ਹਨ ਕਿ ਜਿਹੜਾ ਆਪਣੇ ਘਰ ਦਾ ਨਹੀਂ ਬਣਦਾ, ਉਹਨੂੰ ਬਾਹਰੋਂ ਵੀ ਮਾਣ ਨਹੀਂ ਮਿਲਦਾ। ਕਿਉਂਕਿ ਬਾਹਰਲੀਆਂ ਪਾਰਟੀਆਂ ਤਾਂ ਐਸੇ ਲੋਕਾਂ ਨੂੰ ਇਸਤੇਮਾਲ ਕਰਕੇ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀਆਂ ਹਨ ਜਦਕਿ ਪੰਜਾਬ ਦੇ ਲੋਕ ਆਪਣਿਆਂ ਤੇ ਬਾਹਰਲਿਆਂ ਦੇ ਫਰਕ ਨੂੰ ਚੰਗੀ ਤਰਾਂ ਪਹਿਚਾਣਦੇ ਹਨ। ਉਹਨਾਂ ਕਿਹਾ ਕਿ ਬੇਸ਼ੱਕ ਮੈਂਬਰ ਪਾਰਲੀਮੈਂਟ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੀ ਚੋਣ ਨੂੰ ਮੁੱਖ ਰੱਖਦਿਆਂ ਸੂਬੇ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਨਹੀਂ ਦਿੱਤਾ। ਪ੍ਰੰਤੂ 2027 ਦੇ ਵਿੱਚ ਆਉਣ ਵਾਲੀਆਂ ਸੂਬੇ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਇੱਕ ਵਾਰ ਫਿਰ ਤੋਂ ਮਜਬੂਤੀ ਦੇ ਨਾਲ ਬੁਲੰਦ ਹੋਵੇਗਾ।
ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਕਲਿਆਣ ਐਸਜੀਪੀਸੀ ਮੈਂਬਰ, ਦਲਜੀਤ ਸਿੰਘ ਕਾਹਲੋ, ਮੇਜਰ ਸਿੰਘ ਔਜਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕਮਲਜੀਤ ਸਿੰਘ ਗੋਖਾ, ਬਲਜੀਤ ਸਿੰਘ ਲੱਧੜ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਪਿਆਰਾ ਸਿੰਘ ਬਿਲਗਾ, ਗੁਰਪ੍ਰੀਤ ਸਿੰਘ ਭੰਡਾਲ ਬੂਟਾ, ਰਣਜੀਤ ਸਿੰਘ ਸਾਗਰਪੁਰ, ਰਮਨਜੀਤ ਸਿੰਘ ਸਾਗਰਪੁਰ, ਮਹਿੰਦਰ ਸਿੰਘ ਭੰਡਾਲ, ਹਰਭਜਨ ਸਿੰਘ ਲੰਬੜਦਾਰ, ਤੀਰਥ ਸਿੰਘ, ਗੁਰਦੀਪ ਸਿੰਘ ਭੰਡਾਲ ਬੂਟਾ, ਸੋਨੀ ਹੇਰਾਂ, ਮੀਕਾ ਰਾਂਘੜਾ ਸਮੇਤ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜ਼ਰ ਸਨ।