ਵਿਦਿਆਰਥੀਆਂ ਤੇ ਆਂਗਣਵਾੜੀ ਵਰਕਰਾਂ ਨੂੰ ਮੁਹਿੰਮ ’ਚ ਸ਼ਾਮਲ ਕਰਨ ਲਈ ਕਿਹਾ
ਸਿਹਤ ਵਿਭਾਗ ਨੂੰ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ਾਂ ਲਈ ਵਧੀਆ ਇਲਾਜ ਸਹੂਲਤਾਂ ਤੋਂ ਇਲਾਵਾ ਲੋੜੀਂਦੇ ਖੂਨ/ਪਲੇਟਲੈਸ ਤੇ ਦਵਾਈਆਂ ਯਕੀਨੀ ਬਣਾਉਣ ਦੇ ਨਿਰਦੇਸ਼
ਪਾਣੀ ਦੇ ਨਿਕਾਸੀ ਅਤੇ ਲੀਕੇਜ ਹੋਣ ’ਤੇ ਜਲ ਸਪਲਾਈ ਤੇ ਸੀਵਰੇਜ ਪਾਈਪ ਲਾਈਨਾਂ ਦੀ ਫੌਰੀ ਮੁਰੰਮਤ ’ਤੇ ਵੀ ਦਿੱਤਾ ਜ਼ੋਰ
ਜਲੰਧਰ, 26 ਜੁਲਾਈ 2024- ਬਰਸਾਤੀ ਮੌਸਮ ਦੌਰਾਨ ਮੱਛਰਾਂ ਅਤੇ ਪਾਣੀ ਤੋਂ ਹੋਣ ਵਾਲੀ ਬਿਮਾਰੀਆਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਹੋਰਨਾਂ ਉਪਰਾਲਿਆਂ ਦੇ ਨਾਲ-ਨਾਲ ਵਿਆਪਕ ਜ਼ਿਲ੍ਹੇ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਡਾ. ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਮੱਛਰ ਦੇ ਪ੍ਰਜਨਨ ਸਥਾਨਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਖਾਸ ਕਰ ਡੇਂਗੂ ਤੋਂ ਬਚਾਅ ਲਈ ਆਪਣੇ ਇਲਾਕੇ ਨੂੰ ਡੇਂਗੂ ਮੁਕਤ ਰੱਖਣ ਲਈ ਅਪਣਾਏ ਜਾਣ ਵਾਲੇ ਉਪਾਵਾਂ ਬਾਰੇ ਜਾਗਰੂਕ ਕੀਤਾ ਜਾਵੇ।ਇਸ ਦੇ ਨਾਲ ਹੀ ਡਾਇਰੀਆ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਹਦਾਇਤ ਕੀਤੀ ਕਿ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਆਮ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਅਤੇ ਪਾਣੀ ਖੜ੍ਹਾ ਨਾ ਹੋਣ ਦੇਣ ਬਾਰੇ ਦੱਸਿਆ ਜਾਵੇ। ਉਨ੍ਹਾਂ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕਿਆਂ ਵਿੱਚ ਫੋਗਿੰਗ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ।
ਜਾਗਰੂਕਤਾ ਮੁਹਿੰਮ ਵਿੱਚ ਸਿੱਖਿਆ ਵਿਭਾਗ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਆਪਕਾਂ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਡਾਇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਦਿਆਰਥੀਆਂ ਦੇ ਸਹਿਯੋਗ ਨਾਲ ਘਰ-ਘਰ ਜਾਗਰੂਕਤਾ ਫੈਲਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਆਂਗਣਵਾੜੀ ਵਰਕਰਾਂ ਨੂੰ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਲੋਕਾਂ ਨੂੰ ਡਾਇਰੀਆ ਤੇ ਡੇਂਗੂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਵਿੱਚ ਮੀਂਹ ਪੈਣ ਉਪਰੰਤ ਪਾਣੀ ਖੜ੍ਹਾ ਹੋਣ ਦੀ ਸਥਿਤੀ ਵਿੱਚ ਇਨ੍ਹਾਂ ਥਾਵਾਂ ’ਤੇ ਡੇਂਗੂ ਦਾ ਲਾਰਵਾ ਪੈਦਾ ਹੋਣ ਦਾ ਖਦਸ਼ਾ ਵਧ ਜਾਂਦਾ ਹੈ, ਇਸ ਲਈ ਅਜਿਹੀਆਂ ਥਾਵਾਂ ਦੀ ਤੁਰੰਤ ਸਾਫ਼-ਸਫਾਈ ਅਤੇ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਲੀਕੇਜ ਹੋਣ ’ਤੇ ਜਲ ਸਪਲਾਈ ਅਤੇ ਸੀਵਰੇਜ ਪਾਈਪ ਲਾਈਨਾਂ ਦੀ ਫੌਰੀ ਮੁਰੰਮਤ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਡੇਂਗੂ ਦੇ ਮਰੀਜ਼ਾਂ ਨੂੰ ਵਧੀਆ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹਸਪਤਾਲਾਂ ਵਿੱਚ ਇਸ ਬਿਮਾਰੀ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਬਲੱਡ ਬੈਂਕ ਵਿਖੇ ਲੋੜੀਂਦੇ ਖੂਨ ਅਤੇ ਪਲੇਟਲੈਟਸ ਦੇ ਪ੍ਰਬੰਧਾਂ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਪਸ਼ੂਆਂ ਨੂੰ ਸਾਫ਼-ਸੁਥਰਾ ਤੇ ਸ਼ੁੱਧ ਪੀਣ ਯੋਗ ਪਾਣੀ ਮੁਹੱਈਆ ਹੋਵੇ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ।
