ਲੋਕਾਂ ਨੂੰ ਹੈਲਪਲਾਈਨ ਨੰਬਰ 1076 ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ
ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ
ਨਕੋਦਰ/ਜਲੰਧਰ 25 ਜੁਲਾਈ 2024-ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਬਰੂਹਾਂ ’ਤੇ ਨਾਗਰਿਕ ਸੇਵਾਵਾਂ ਪਹੁੰਚਾਉਣ ਦੇ ਮੰਤਵ ਤਹਿਤ ਅੱਜ ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਸ਼ੰਕਰ ਵਿਖੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਸੁਵਿਧਾ ਕੈਂਪ ਲਗਾਇਆ ਗਿਆ ਜਿਸ ਵਿੱਚ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਸਮੱਸਿਆਵਾਂ ਸੁਣ ਕੇ ਮੌਕੇ ’ਤੇ ਇਨ੍ਹਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਨਕੋਦਰ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਲੋਕਾਂ ਨੂੰ ਨਾਗਰਿਕ ਸੇਵਾਵਾਂ ਘਰ ਬੈਠੇ ਹੀ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸਰਲ ਤਰੀਕੇ ਨਾਲ ਨਾਗਰਿਕ ਸੇਵਾਵਾਂ ਬਿਨਾਂ ਕਿਸੇ ਦੇਰੀ ਦੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਪਾਬੰਦ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਲੋਕਾਂ ਨੂੰ ਮਾਲ ਵਿਭਾਗ, ਪਾਵਰਕੌਮ, ਸਮਾਜਿਕ ਨਿਆਂ, ਖੇਤੀਬਾੜੀ, ਸਹਿਕਾਰਤਾ, ਸਿਹਤ ਵਿਭਾਗ ਅਤੇ ਤਹਿਸੀਲ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਉਪ ਮੰਡਲ ਮੈਜਿਸਟਰੇਟ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹੈਲਪਲਾਈਨ ਨੰਬਰ 1076 ਰਾਹੀਂ ਵੀ ਘਰ ਬੈਠੇ 43 ਤਰ੍ਹਾਂ ਦੀਆਂ ਨਾਗਰਿਕ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ’ਤੇ ਫੋਨ ਕਰਨ ਉਪਰੰਤ ਲੋਕਾਂ ਦੀ ਸਹੂਲਤ ਅਨੁਸਾਰ ਸਮਾਂ ਨਿਰਧਾਰਿਤ ਕਰਕੇ ਸੇਵਾ ਸਹਾਇਕ ਵਲੋਂ ਲੋੜੀਂਦੇ ਦਸਤਾਵੇਜ ਘਰਾਂ ਤੋਂ ਹਾਸਿਲ ਕਰਨ ਉਪਰੰਤ ਨਿਰਧਾਰਿਤ ਸਮੇਂ ਅੰਦਰ ਸੇਵਾ ਦਾ ਲਾਭ ਲਾਭਪਾਤਰੀਆਂ ਨੂੰ ਉਨਾਂ ਦੇ ਘਰਾਂ ਵਿੱਚ ਜਾ ਕੇ ਪ੍ਰਦਾਨ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਇਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਖ-ਵੱਖ ਸੇਵਾਵਾਂ ਨਿਰਧਾਰਿਤ ਸਮੇਂ ਅੰਦਰ ਮੁਹੱਈਆ ਕਰਵਾਉਣ ਦੀਆਂ ਵੀ ਹਦਾਇਤਾਂ ਕੀਤੀਆਂ ਗਈਆਂ।
ਇਸ ਮੌਕੇ ਵੱਖ-ਵੱਖ ਸੇਵਾਵਾਂ ਦਾ ਲਾਭ ਲੈਣ ਆਏ ਲੋਕਾਂ ਵਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਦੀਆਂ ਬਰੂਹਾਂ ’ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਉਨਾਂ ਦੇ ਕੀਮਤੀ ਸਮੇਂ ਦੀ ਬੱਚਤ ਹੋ ਰਹੀ ਹੈ ਉਥੇ ਹੀ ਉਨਾਂ ਨੂੰ ਨਿਸ਼ਚਿਤ ਸਮੇਂ ਅੰਦਰ ਬਿਨਾਂ ਕਿਸੇ ਦੇਰੀ ਦੇ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ।
—————–

