60 ਏਕੜ ਵਾਹੀਯੋਗ ਜ਼ਮੀਨ ਨੂੰ ਸਿੰਚਾਈ ਲਈ ਪਾਈਪਲਾਈਨ ਰਾਹੀਂ ਪਹੁੰਚਾਇਆ ਜਾ ਰਿਹੈ ਛੱਪੜ ਦਾ ਪਾਣੀ
ਪ੍ਰਾਜੈਕਟ ਦਾ ਉਦੇਸ਼ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਦੇ ਨਾਲ-ਨਾਲ ਬਿਜਲੀ ਦੀ ਖਪਤ ਨੂੰ ਘਟਾਉਣਾ
ਜਲੰਧਰ, 21 ਜੁਲਾਈ 2024-ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਪਿੰਡ ਦੂਹੜੇ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਛੱਪੜ ਦਾ ਪਾਣੀ ਪਹੁੰਚਾਉਣ ਲਈ ਪਾਈ ਨਵੀਂ ਪ੍ਰਾਈਪਲਾਈਨ ਪ੍ਰਣਾਲੀ ਬੇਹੱਦ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਰਾਹੀਂ 60 ਏਕੜ ਵਾਹੀਯੋਗ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਭੂਮੀ ਸੰਭਾਲ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਅਤੇ ਲੋਕਾਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ 12.48 ਲੱਖ ਰੁਪਏ ਦੀ ਲਾਗਤ ਨਾਲ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ ਗਿਆ ਹੈ, ਜਿਸ ਤਹਿਤ 1150 ਮੀਟਰ ਲੰਮੀ ਜ਼ਮੀਨਦੋਜ਼ ਪਾਈਪਲਾਈਨ ਰਾਹੀਂ 60 ਏਕੜ ਵਾਹੀਯੋਗ ਜ਼ਮੀਨ ਨੂੰ ਕਵਰ ਕਰਦੇ ਹੋਏ 18 ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਗਿਆ ਹੈ।
ਇਸ ਪ੍ਰਣਾਲੀ ਤਹਿਤ ਸੁਰਜੀਤ ਕੀਤੇ ਛੱਪੜ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੀ 5 ਹਾਰਸਪਾਵਰ ਦੀ ਮੋਟਰ ਲਗਾਈ ਗਈ ਹੈ।
ਡਾ. ਅਗਰਵਾਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਜ਼ਿਲ੍ਹੇ ਵਿੱਚ ਅਜਿਹੇ ਹੋਰ ਪ੍ਰਾਜੈਕਟਾਂ ਲਾਏ ਜਾਣਗੇ।
ਦੂਹੜੇ ਪਿੰਡ ਦੇ ਵਸਨੀਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲਾਂ ਛੱਪੜ ਦੀ ਹਾਲਤ ਦੀ ਬਹੁਤ ਖਸਤਾ ਸੀ ਅਤੇ ਪਾਣੀ ਦੀ ਢੁੱਕਵੀਂ ਨਿਕਾਸੀ ਵੀ ਨਹੀਂ ਸੀ। ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਭੂਮੀ ਅਤੇ ਜਲ ਸੰਭਾਲ ਵਿਭਾਗ ਦਾ ਧੰਨਵਾਦ ਕੀਤਾ, ਜਿਸ ਸਦਕਾ ਸਿੰਚਾਈ ਲਈ ਛੱਪੜ ਦੇ ਪਾਣੀ ਦੀ ਵਰਤੋਂ ਕਰਕੇ ਪਿੰਡ ਨੂੰ ਕਾਫੀ ਫਾਇਦਾ ਹੋਇਆ ਹੈ।
ਇਕ ਹੋਰ ਲਾਭਪਾਤਰੀ ਕਿਸਾਨ ਮਨਜੀਤ ਸਿੰਘ ਨੇ ਵੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕਰਦਿਆਂ ਸਕੀਮ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਉਤਪਾਦਨ ਲਾਗਤਾਂ ਵਿੱਚ ਕਮੀ ਆਈ ਹੈ। ਇਸ ਤੋਂ ਇਲਾਵਾ ਸੂਰਜੀ ਊਰਜਾ ਨਾਲ ਚੱਲਣ ਵਾਲੀ ਮੋਟਰ ਰਾਹੀਂ ਛੱਪੜ ਦਾ ਪਾਣੀ ਮਿਲਣ ਕਰਕੇ ਜ਼ਮੀਨ ਹੇਠਲੇ ਪਾਣੀ ਲਈ ਸਬਮਰਸੀਬਲ ਪੰਪਾਂ ‘ਤੇ ਉਨ੍ਹਾਂ ਦੀ ਨਿਰਭਰਤਾ ਖਤਮ ਹੋ ਗਈ ਹੈ।
ਕਿਸਾਨ ਮਨਦੀਪ ਸਿੰਘ ਅਤੇ ਮਨਜੀਤ ਸਿੰਘ ਨੇ ਵੀ ਇਸ ਪ੍ਰਾਜੈਕਟ ਨੂੰ ਖੇਤੀ ਲਈ ਫਾਇਦੇਮੰਦ ਕਰਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੀ ਮੋਟਰ ਰੋਜ਼ਾਨਾ 7-8 ਘੰਟੇ ਕੰਮ ਕਰਦੀ ਹੈ, ਉਨ੍ਹਾਂ ਦੇ ਖੇਤਾਂ ਲਈ ਕਾਫ਼ੀ ਪਾਣੀ ਪ੍ਰਦਾਨ ਕਰਦੀ ਹੈ।
ਛੱਪੜ ਦੇ ਪਾਣੀ ਦੀ ਸਿੰਚਾਈ ਲਈ ਵਰਤੋਂ ਦਾ ਪਿੰਡ ਦੂਹੜੇ ‘ਤੇ ਡੂੰਘਾ ਪ੍ਰਭਾਵ ਪਿਆ ਹੈ। ਸੁਚੱਜੀ ਯੋਜਨਾਬੰਦੀ ਅਤੇ ਅਮਲ ਰਾਹੀਂ ਇਸ ਪ੍ਰਾਜੈਕਟ ਨੇ ਪਾਣੀ ਦੀ ਗੁਣਵੱਤਾ, ਜੈਵ ਵਿਭਿੰਨਤਾ ਅਤੇ ਪਹੁੰਚ ਵਰਗੇ ਮੁੱਖ ਮੁੱਦਿਆਂ ਨੂੰ ਛੋਹਿਆ। ਸੁਰਜੀਤ ਕੀਤੇ ਛੱਪੜ ਵਿੱਚ ਹੁਣ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ, ਜੈਵ ਵਿਭਿੰਨਤਾ ’ਚ ਵਾਧੇ ਦੇ ਨਾਲ-ਨਾਲ ਭਾਈਚਾਰਕ ਸ਼ਮੂਲੀਅਤ ਵੀ ਵਧੀ ਹੈ।
ਨਵੀਨੀਕਰਨ ਨੇ ਨਾ ਸਿਰਫ਼ ਛੱਪੜ ਨੂੰ ਸੁਰਜੀਤ ਕੀਤਾ ਹੈ ਸਗੋਂ ਟਿਕਾਊ ਵਿਕਾਸ ਅਤੇ ਭਾਈਚਾਰਕ ਸਹਿਯੋਗ ਦਾ ਇੱਕ ਨਮੂਨਾ ਵੀ ਬਣ ਗਿਆ ਹੈ।

ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਸਬ ਡਵੀਜ਼ਨਲ ਭੂਮੀ ਸੰਭਾਲ ਅਫ਼ਸਰ ਜਲੰਧਰ ਇੰਜ. ਲੁਪਿੰਦਰ ਕੁਮਾਰ ਨੇ ਦੱਸਿਆ ਕਿ ਇਹ ਪਾਣੀ ਸਿੰਚਾਈ ਲਈ ਲੋੜੀਂਦੇ ਵੱਖ-ਵੱਖ ਮਾਪਦੰਡਾਂ ‘ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰੀਓਡਿਕ ਟੈਸਟਿੰਗ ਦੌਰਾਨ ਫਿੱਟ ਪਾਇਆ ਗਿਆ ਹੈ। ਟੈਸਟਾਂ ਵਿੱਚ ਟੀ.ਐਸ.ਐਸ., ਪੀ.ਐਚ., ਈ.ਸੀ., ਈ ਕੋਲਾਈ, ਐਫ ਕੋਲਾਈ ਅਤੇ ਹੋਰ ਹੈਵੀ ਮੈਟਲਸ ਸਮੇਤ ਵੱਖ-ਵੱਖ ਪਹਿਲੂ ਸ਼ਾਮਲ ਹਨ।
