ਜੰਗਲਾਤ ਵਿਭਾਗ ਨੇ ਸਪਲਾਈ ਕੀਤੇ ਹਰੇਕ ਪੋਲਿੰਗ ਬੂਥ ਉੱਪਰ ਤੋਂ 200 ਤੋਂ 350 ਬੂਟੇ
ਵਾਤਾਵਰਣ ਸੰਭਾਲ ਲਈ ਜਾਗਰੂਕਤਾ ਦੇ ਨਾਲ- ਨਾਲ ਮਾਨਸੂਨ ਸੀਜਨ ਦੌਰਾਨ ਹਰਿਆਲੀ ਵਧਾਉਣ ਵਿੱਚ ਮਿਲੇਗੀ ਮਦਦ – ਡਿਪਟੀ ਕਮਿਸ਼ਨਰ
ਜਲੰਧਰ , 12 ਜੁਲਾਈ 2024-ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਯਤਨਾਂ ਸਦਕਾ “ ਗਰੀਨ ਇਲੈਕਸ਼ਨ “ ਹੋ ਨਿੱਬੜੀ । ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਹਾਲ ਹੀ ਵਿੱਚ ਹੋਈ ਲੋਕ ਸਭਾ ਚੋਣ ਦੌਰਾਨ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਕੁਝ ਗਰੀਨ ਬੂਥ ਬਣਾਏ ਗਏ ਸਨ , ਪਰ ਇਸ ਵਾਰ ਪੂਰੇ ਜਲੰਧਰ ਪੱਛਮੀ ਹਲਕੇ ਦੇ 181 ਬੂਥਾਂ ਨੂੰ ਗਰੀਨ ਬੂਥ ਬਣਾਕੇ ਵੋਟ ਪਾਉਣ ਆਏ ਵੋਟਰਾਂ ਨੂੰ 50000 ਬੂਟੇ ਵੰਡੇ ਗਏ ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਵੋਟਾਂ ਵਾਲੇ ਦਿਨ ਤੜਕਸਾਰ ਬੂਟੇ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਤੋੰ ਪੋਲਿੰਗ ਕੇਂਦਰਾਂ ਵਿਖੇ ਪਹੁੰਚਾਏ ਗਏ ਤਾਂ ਜੋ ਬੂਟਿਆਂ ਨੂੰ ਕੋਈ ਨੁਕਸਾਨ ਨਾ ਹੋਵੇ ।
ਡਾ. ਅਗਰਵਾਲ ਨੇ ਕਿਹਾ ਕਿ “ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਸੰਭਾਲ ਦਾ ਸੱਦਾ ਦੇਣ ਦੇ ਨਾਲ- ਨਾਲ ਮਾਨਸੂਨ ਸੀਜਨ ਦਾ ਵੱਧ ਤੋਂ ਵੱਧ ਲਾਹਾ ਲੈਣਾ ਸੀ ਤਾਂ ਜੋ ਬੂਟਿਆਂ ਦੇ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ ।
ਉਨ੍ਹਾਂ ਦੱਸਿਆ ਕਿ ਹਰੇਕ ਪੋਲਿੰਗ ਬੂਥ ਉੱਪਰ 200 ਤੋਂ 350 ਤੱਕ ਬੂਟੇ ਸਪਲਾਈ ਕੀਤੇ ਗਏ ਜੋ ਕਿ ਵੋਟ ਪਾਉਣ ਵਾਲੇ ਲੋਕਾਂ ਨੂੰ ਵੋਟ ਪਾਉਣ ਉਪਰੰਤ ਬਿਲਕੁਲ ਮੁਫਤ ਦਿੱਤੇ ਗਏ, ਜਿਸਦੀ ਲੋਕਾਂ ਵਲੋਂ ਸ਼ਲਾਘਾ ਕੀਤੀ ਗਈ ।

ਡਾ. ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਮੁੱਖ ਤੌਰ ਉੱਪਰ ਨਿੰਮ , ਅਰਜੁਨ , ਸੁਖਚੈਨ , ਟਾਹਲੀ , ਧਰੇਕ , ਜਾਮਣ , ਅਮਰੂਦ ਦੇ ਬੂਟੇ ਵੰਡੇ ਗਏ । ਵੋਟ ਪਾਉਣ ਆਏ ਲੋਕਾਂ ਵੱਲੋਂ ਅਮਰੂਦ ਦੇ ਬੂਟਿਆਂ ਪ੍ਰਤੀ ਵਿਸ਼ੇਸ਼ ਦਿਲਚਸਪੀ ਦਿਖਾਈ ਗਈ , ਜੋ ਕਿ ਬਾਕੀ ਬੂਟਿਆਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਵੰਡਿਆ ਗਿਆ ।

ਉਨ੍ਹਾਂ ਬੂਟੇ ਪ੍ਰਾਪਤ ਕਰਨ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੂਟੇ ਲਗਾਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਯਕੀਨੀ ਬਣਾਉਣ ਤਾਂ ਜੋ ਵਾਤਾਵਰਣ ਨੂੰ ਹਰਾ ਭਰਾ ਬਣਾਇਆ ਜਾ ਸਕੇ।
