ਘਰੇਲੂ ਕਲੇਸ਼, ਰਾਜਨੀਤਕ ਵਿਰੋਧ, ਸਮਲਿੰਗੀ, ਖਾਲਿਸਤਾਨ, ਤੇ ਪ੍ਰੇਮ-ਵਿਆਹ ਭਾਰਤ
ਚ ਜਾਨ ਨੂੰ ਖਤਰੇ ਦੇ ਕਾਰਨਾਂ `ਚ ਸ਼ਾਮਿਲ
ਕੈਨੇਡਾ, 11 ਜੁਲਾਈ 2024, (ਸਤਪਾਲ ਸਿੰਘ ਜੌਹਲ)- ਦਹਾਕਿਆਂ ਤੋਂ ਕੈਨੇਡਾ ਅਤੇ ਅਮਰੀਕਾ ਭਾਰਤੀਆਂ ਅਤੇ ਵਿਸ਼ੇਸ਼ ਤੌਰ ਤੇ ਪੰਜਾਬੀਆਂ ਦੇ ਚਹੇਤੇ ਦੇਸ਼ ਰਹੇ ਹਨ ਅਤੇ ਓਥੇ ਦਾਖਿਲ ਹੋਣ ਲਈ ਆਪਣਾ ਆਪ ਵਾਰਨ ਤੱਕ ਦਾ ਜੋਖਮ ਵੀ ਉਠਾਇਆ ਜਾਂਦਾ ਰਿਹਾ ਹੈ। ਮਿਲ ਰਹੀ ਤਾਜਾ ਜਾਣਕਾਰੀ ਅਨੁਸਾਰ ਭਾਰਤ ਤੋਂ ਲੋਕਾਂ ਨੂੰ ਕੈਨੇਡਾ ਭੇਜਣ ਵਾਸਤੇ ਸਥਾਨਿਕ ਏਜੰਟਾਂ ਨੇ ਨਵੀਂ ਕਾਢ ਕੱਢੀ ਹੋਈ ਹੈ ਜਿਸ ਨਾਲ਼ ਬੀਤੇ ਮਹੀਨਿਆਂ ਤੋਂ ਸ਼ਰਨਾਰਥੀ ਬਣਨ ਵਾਲੇ ਭਾਰਤੀਆਂ, ਪਰ ਖਾਸ ਤੌਰ
ਤੇ ਪੰਜਾਬੀਆਂ ਅਤੇ ਪੰਜਾਬਣਾਂ ਦੀ ਗਿਣਤੀ ਚੋਖੀ ਵਧੀ ਹੈ। ਏਜੰਟਾਂ ਵਲੋਂ ਨਕਲੀ ਸਪਾਂਰਿਸ਼ਪ, ਬੈਂਕ ਖਾਤੇ, ਕਾਰੋਬਾਰ, ਉੱਚਾ ਅਹੁਦਾ, ਨੌਕਰੀ, ਕੰਪਿਊਟਰ ਦੇ ਮਾਹਿਰ, ਐੱਮ.ਏ ਤੱਕ ਦੀ ਸਿੱਖਿਆ ਦੇ ਮਨਘੜਤ ਡਿਪਲੋਮੋ, ਵਗੈਰਾ ਦਸਤਾਵੇਜ਼ਾਂ ਨਾਲ਼ ਕੈਨੇਡਾ ਦਾ ਵੀਜਾ ਲਗਵਾ ਕੇ ਓਥੇ ਸੀ.ਐੱਨ ਟਾਵਰ, ਨਿਆਗਰਾ ਫਾਲਜ਼, ਚਿੜੀਆਘਰ, ਲਾਇਬ੍ਰੇਰੀ, ਪਾਰਕ ਅਤੇ ਸੈਲਾਨੀਆਂ ਲਈ ਖਿੱਚ ਦੀਆਂ ਹੋਰ ਕਈ ਨਾਮਵਰ ਥਾਵਾਂ ਦੇਖਣ ਦੇ ਟੂਰ ਪ੍ਰੋਗਰਾਮ ਬਣਾ ਕੇ ਪੰਜਾਬ, ਹਰਿਆਣਾ, ਗੁਜਰਾਤ, ਉਤਰਾਖੰਡ, ਯੂ.ਪੀ., ਬਿਹਾਰ, ਤਾਮਿਲਨਾਡੂ ਅਤੇ ਉੜੀਸਾ ਤੱਕ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਕੈਨੇਡਾ ਵੱਲ੍ਹ ਰਵਾਨਾ ਕੀਤੇ ਜਾ ਰਹੇ ਹਨ। ਇਹ ਵੀ ਕਿ ਕੈਨੇਡਾ ਦੇ ਵੀਜਾ ਦੀ ਅਰਜੀ ਨੂੰ ਮਜ਼ਬੂਤ ਬਣਾਉਣ ਲਈ ਵਿਅਕਤੀ ਦੇ ਪਾਸਪੋਰਟ ਦੇ ਸਫਿਆਂ ਉਪਰ ਹੋਰ ਕਈ ਦੇਸ਼ਾਂ (ਯੂ.ਕੇ. ਚੀਨ, ਕੋਰੀਆ, ਯੂਰਪ ਆਦਿਕ) ਦੇ ਨਕਲੀ ਵੀਜਾ ਸਟਿੱਕਰ ਅਤੇ ਉਨ੍ਹਾਂ ਦੇਸ਼ਾਂ ਵਿੱਚ ਗਏ ਹੋਣ ਦੀਆਂ ਨਕਲੀ ਮੋਹਰਾਂ ਲਗਾ ਕੇ ਦਰਸਾਇਆ ਜਾਂਦਾ ਹੈ ਕਿ ਅਰਜੀਕਰਤਾ ਬਹੁਤ ਘੁੰਮਿਆ-ਫਿਰਿਆ ਸੈਲਾਨੀ ਹੈ। ਇਮੀਗ੍ਰੇਸ਼ਨ ਦੀਆਂ ਨਕਲੀ ਮੋਹਰਾਂ ਵਿੱਚ ਭਾਰਤ ਤੋਂ ਵਿਦੇਸ਼ਾਂ ਨੂੰ ਰਵਾਨਗੀ ਅਤੇ ਦਾਖਲੇ ਦੀਆਂ ਮੋਹਰਾਂ ਵੀ ਸ਼ਾਮਿਲ ਹਨ। ਕਮਾਲ ਦੀ ਗੱਲ ਇਹ ਹੈ ਕਿ ਅਰਜੀਕਰਤਾ ਦੇ ਪਾਸਪੋਰਟ ਦੇ ਵਰਕੇ ਖਾਲੀ ਹੁੰਦੇ ਹਨ ਪਰ ਵੀਜਾ ਅਰਜੀ ਨਾਲ਼ ਫੋਟੋ ਕਾਪੀਆਂ ਲਗਾ ਕੇ ਪਾਸਪੋਰਟ ਵਿੱਚ ਵੀਜਿਆਂ ਦੀ ਭਰਮਾਰ ਦਰਸਾਈ ਜਾਂਦੀ ਹੈ। ਏਜੰਟਾਂ ਦੀ ਇਸ ਜਾਅਲਸਾਜੀ ਕਾਢ-ਸਕੀਮ ਬਾਰੇ ਅਕਸਰ ਪਾਸਪੋਰਟ ਧਾਰਕਾਂ ਨੂੰ ਪਤਾ ਨਹੀਂ ਹੁੰਦਾ ਅਤੇ ਨਾ ਉਨ੍ਹਾਂ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ। ਉਨਾਂ ਨੂੰ ਤਾਂ ਜਿਵੇਂ-ਕਿਵੇਂ ਕੈਨੇਡਾ ਵਿੱਚ ਪੈਰ ਪਾਉਣ ਬਾਰੇ ਪਤਾ ਹੁੰਦਾ ਅਤੇ ਆਪਣੇ ਪਾਸਪੋਰਟ ਵਿੱਚ ਕੈਨੇਡਾ ਦਾ ਵੀਜਾ ਲੱਗਿਆ ਦਿਸਦਾ ਹੁੰਦਾ ਪਰ ਉਸ ਵੀਜੇ ਵਾਸਤੇ ਏਜੰਟਾਂ ਵਲੋਂ ਵਰਤੇ ਗਏ ਢੰਗਾਂ ਤੇ ਦਸਤਾਵੇਜ਼ਾਂ ਤੋਂ ਅਕਸਰ ਅਣਜਾਣ ਹੁੰਦੇ ਹਨ। ਸੈਰ ਦੇ ਸਮੇਂ ਲਈ ਹੋਟਲਾਂ ਦੀ ਕਾਗਜੀ ਨਕਲੀ ਬੁਕਿੰਗ ਵੀ ਕਰਵਾਈ ਜਾਂਦੀ ਹੈ ਪਰ ਸਕੀਮ ਤਹਿਤ ‘ ਨਕਲੀ ਸੈਲਾਨੀ’ ਕੋਲ਼ 1000 ਤੋਂ 6000 ਦੇ ਕਰੀਬ ਡਾਲਰ ਅਸਲੀ ਹੁੰਦੇ ਹਨ। ਕੈਨੇਡਾ ਵਿੱਚ ਹਰੇਕ ਦਿਨ ਵਿਦੇਸ਼ਾਂ ਤੋਂ ਸੈਂਕੜੇ ਉਡਾਨਾਂ ਪੁੱਜਦੀਆਂ ਹਨ ਪਰ ਭਾਰਤ ਤੋਂ ਟੋਰਾਂਟੋ ਅਤੇ ਵੈਨਕੋਵਰ ਪੁੱਜਦੀਆਂ ਸਿੱਧੀਆਂ ਉਡਾਨਾਂ (ਮੁੱਖ ਤੌਰ ਤੇ ਏਅਰ ਕੈਨੇਡਾ ਦੇ ਜਹਾਜਾਂ) ਵਿੱਚੋਂ ਨਿੱਤ ਦਿਨ ਵੱਡੀ ਗਿਣਤੀ ਵਿੱਚ ਅਜਿਹੇ ਯਾਤਰੀਆਂ ਦੇ ਉਤਰਨ ਬਾਰੇ ਪਤਾ ਲੱਗਦਾ ਹੈ ਜਿਨ੍ਹਾਂ ਦਾ ਅਸਲੀ ਇਰਾਦਾ ਕੈਨੇਡਾ ਦੀ ਸੈਰ ਕਰਨਾ ਨਹੀਂ ਸਗੋਂ ਓਥੇ ਆਪਣੇ ਬਿਹਤਰ ਭਵਿੱਖ ਦੇ ਮੌਕੇ ਤਲਾਸ਼ਣਾ ਹੁੰਦਾ ਹੈ। ਮੌਜੂਦਾ ਕੰਪਿਊਟਰੀ ਤਕਨੀਕ ਦੇ ਯੁੱਗ ਵਿੱਚ ਕੈਨੇਡਾ ਦੇ ਵੀਜਾ ਅਤੇ ਪੱਕੀ ਇਮੀਗ੍ਰੇਸ਼ਨ ਦੀਆਂ ਅਰਜੀਆਂ ਨਾਲ਼ ਲੋਕਾਂ ਵਲੋਂ ਲਗਾਏ ਜਾਂਦੇ ਕਾਗਜਾਂ ਨੂੰ ਵੀਜਾ ਅਧਿਕਾਰੀ ਦੁਨੀਆਂ ਭਰ ਵਿੱਚ ਕਿਤੇ ਵੀ ਖੋਲ੍ਹ ਕੇ ਦੇਖ ਸਕਦੇ ਹਨ। ਅਜਿਹਾ ਸਾਧਨ ਹਵਾਈ ਅੱਡਿਆਂ ਅੰਦਰ ਤਾਇਨਾਤ ਅਧਿਕਾਰੀਆਂ ਕੋਲ਼ ਵੀ ਹੁੰਦਾ ਹੈ ਜਿੱਥੇ ਪੁੱਛ-ਗਿੱਛ ਦੌਰਾਨ ਕਾਗਜੀ-ਫਰਾਡ ਨਾਲ਼ ਕੈਨੇਡਾ ਦਾ ਵੀਜਾ ਲੈਣ ਦੇ ਢੋਲ ਦੀ ਪੋਲ ਖੁਲ੍ਹ ਜਾਂਦੀ ਹੈ। ਬਹੁਤ ਸਾਰੇ ਅਜਿਹੇ ਕੇਸਾਂ ਬਾਰੇ ਵੀ ਪਤਾ ਲੱਗਦਾ ਹੈ ਜਿਨ੍ਹਾਂ ਵਿੱਚ ਪਿਓ ਅਤੇ ਪੁੱਤ ਜਾਂ ਧੀਅ ਅਤੇ ਮਾਂ ਨਕਲੀ ਸੈਲਾਨੀ ਬਣਦੇ ਹਨ ਅਤੇ ਉਨ੍ਹਾਂ ਮਾਪਿਆਂ ਦਾ ਪ੍ਰੋਗਰਾਮ ਆਪਣੀ ਜਵਾਨ ਔਲਾਦ ਨੂੰ ਕੈਨੇਡਾ ਵਿੱਚ ਛੱਡ ਕੇ ਆਪ ਵਾਪਿਸ ਭਾਰਤ ਮੁੜਨ ਦਾ ਹੁੰਦਾ ਹੈ। ਏਜੰਟ ਵਲੋਂ ਪੜ੍ਹਾਈ ਜਾਂਦੀ ਪੱਟੀ ਅਨੁਸਾਰ ਯਾਤਰੀ ਨੂੰ ਸੈਰ ਕਰਨ ਲਈ ਐਂਟਰੀ ਤੋਂ ਨਾਂਹ ਹੋ ਜਾਵੇ ਤਾਂ ਸ਼ਰਨਾਰਥੀ ਹੋਣ ਵਾਲੀ ਮੂੰਗਲੀ ਕੱਛ ਵਿੱਚੋਂ ਕੱਢ ਲੈਣਾ ਆਮ ਗੱਲ ਹੈ। ਜਮੀਨਾਂ ਤੱਕ ਵੇਚ ਕੇ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕੈਨੇਡਾ ਦੇ ਰਾਹ ਪਏ ਵਿਅਕਤੀਆਂ ਨੂੰ ਭਾਰਤ ਵਾਪਿਸ ਮੁੜਨਾ ਗਵਾਰਾ ਨਹੀਂ ਹੁੰਦਾ। ਇਹ ਵੀ ਕਿ ਨਕਲੀ ਸੈਲਾਨੀ ਬਣੇ ਹੋਏ ਵਿਅਕਤੀਆਂ ਵਲੋਂ ਆਪਣੇ ਦੇਸ਼ ਵਾਪਿਸ ਮੁੜਨ ਨਾਲੋਂ ਕੈਨੇਡਾ ਦੀ ਜੇਲ੍ਹ ਵਿੱਚ ਰਹਿਣ ਨੂੰ ਪਹਿਲ ਦਿੱਤੀ ਜਾਂਦੀ ਰਹਿੰਦੀ ਹੈ। ਕੈਨੇਡਾ ਵਿੱਚ ਆਸਰਾ ਭਾਲਣ ਲਈ ਸ਼ਰਨ ਮੰਗਣ ਦੇ ਕਾਰਨਾਂ ਵਿੱਚ ਭਾਰਤੀਆਂ ਵਲੋਂ ਜਮੀਨ ਦੀ ਵੰਡ ਦੇ ਸ਼ਰੀਕਾਂ ਨਾਲ਼ ਝਗੜੇ, ਗਵਾਂਢੀਆਂ ਨਾਲ਼ ਦੁਸ਼ਮਣੀ, ਕਾਂਗਰਸੀਆਂ ਨੂੰ ਭਾਜਪਾ ਦੇ ਵਰਕਰਾਂ ਤੋਂ ਖਤਰਾ, ਖਾਲਿਸਤਾਨੀ, ਸਮਲਿੰਗੀ ਹੋਣਾ, ਪ੍ਰੇਮ ਵਿਆਹ ਕਾਰਨ ਪਰਿਵਾਰਕ ਲੜਾਈਆਂ ਆਦਿਕ ਦੱਸੇ (ਬਣਾਏ) ਜਾਂਦੇ ਰਹਿੰਦੇ ਹਨ। ਇਸ ਤਰ੍ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਨੂੰ ਹਰੇਕ ਸਾਲ ਭਾਰਤੀਆਂ ਦੇ 10000 ਤੋਂ ਵੱਧ ਨਵੇਂ ਕੇਸ ਮਿਲ਼ਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਕੇਸ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਰੱਦ ਕਰਨ ਦਾ ਕਾਰਨ ਝੂਠੀ ਕਹਾਣੀ ਅਤੇ ਨਕਲੀ ਦਸਤਾਵੇਜ਼ ਵਰਤਣਾ ਦੱਸਿਆ ਗਿਆ ਹੁੰਦਾ ਹੈ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।
