ਜਲਦੀ ਸੁਧਾਰ ਨਾ ਹੋਇਆ ਤਾਂ ਸੰਘਰਸ਼ ਹੋਵੇਗਾ-ਜਰਨੈਲ ਫਿਲੌਰ
ਫਿਲੌਰ, 10 ਜੁਲਾਈ 2024- ਮੁਹੱਲਾ ਰਵਿਦਾਸਪੁਰਾ, ਅਕਲਪੁਰ ਰੋਡ ਤੇ ਸੰਤੋਖਪੁਰਾ ਦੀ ਬਿਜਲੀ ਦੀ ਨਾਕਸ ਸਪਲਾਈ ਠੀਕ ਕਰਾਉਣ ਲਈ ਇਲਾਕਾ ਨਿਵਾਸੀਆਂ ਦਾ ਵਫਦ ਦਿਹਾਤੀ ਮਜਦੂਰ ਸਭਾ ਦੇ ਆਗੂ ਹੰਸ ਰਾਜ , ਸੁਰਿੰਦਰ ਪਾਲ ਤੇ ਜਸਵੀਰ ਸੰਧੂ ਦੀ ਅਗਵਾਈ ਵਿੱਚ ਐਸ ਡੀ ਓ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਫਿਲੌਰ ਰਾਜੇਸ਼ ਨੰਦ ਤੇ ਜੇ ਈ ਮਹਿੰਗਾ ਮਸੀਹ ਨੂੰ ਮਿਲਿਆ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਜਰਨੈਲ ਫਿਲੌਰ ਦੀ ਹਾਜ਼ਰੀ ਵਿੱਚ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਬਿਜਲੀ ਦਾ ਲੋਡ ਬਹੁਤ ਘੱਟ ਹੈ, ਪੱਖੇ ਪੂਰੀ ਸਪੀਡ ਨਹੀਂ ਫੜਦੇ, ਰਾਤ ਨੂੰ ਪੱਖੀਆਂ ਨਾਲ ਝੱਲ ਮਾਰ ਕੇ ਰਾਤ ਕੱਢਣੀ ਪੈਂਦੀ ਹੈ, ਨਿੱਕੇ ਨਿੱਕੇ ਬੱਚੇ ਗਰਮੀ ਕਾਰਨ ਸਾਰੀ ਰਾਤ ਤੜਫ ਕੇ ਕੱਢਦੇ ਹਨ, ਬਿਜਲੀ ਦਾ ਲੋਡ ਬਹੁਤ ਘੱਟ ਹੋਣ ਕਰਕੇ ਫਰਿੱਜਾਂ ਵਿੱਚ ਪਈਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ।
ਇਸ ਸਮੇਂ ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਪੁਰਾਣੀਆਂ ਤੇ ਕਮਜ਼ੋਰ ਹੋਣ ਕਾਰਣ ਵਾਰ ਵਾਰ ਬਿਜਲੀ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ। ਇਸ ਸਮੇਂ ਐਸ ਡੀ ਓ ਰਾਜੇਸ਼ ਨੰਦ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਬਿਜਲੀ ਦੀ ਸਪਲਾਈ ਠੀਕ ਤੇ ਨਿਰਵਿਘਨ ਹਰ ਘਰ ਤੱਕ ਪਹੁੰਚਾਉਣ ਲਈ ਕੰਮ ਜੰਗੀ ਪੱਧਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਮੇਂ ਦਿਹਾਂਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਰਨੈਲ ਫਿਲੌਰ ਤੇ ਤਹਿਸੀਲ ਫਿਲੌਰ ਦੇ ਆਗੂ ਹੰਸ ਰਾਜ ਸੰਤੋਖਪੁਰਾ ਨੇ ਚੇਤਾਵਨੀ ਦਿੱਤੀ ਕਿ ਅਗਰ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਲਦੀ ਹੀ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਿਕ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਸਮੇਂ ਸੁਰਿੰਦਰ ਪਾਲ, ਸੰਜੀਵ ਕੁਮਾਰ, ਬਲਵੀਰ ਕੁਮਾਰ, ਸੋਮਨਾਥ, ਮਨਦੀਪ ਕੁਮਾਰ, ਰਿੰਕੂ ਕੁਮਾਰ, ਪਰਦੀਪ ਕੁਮਾਰ, ਕੁਲਵਿੰਦਰ ਕੁਮਾਰ, ਨਿੰਕਾ ਤੇ ਕਿੰਦਾਂ ਆਦਿ ਹਾਜ਼ਰ ਸਨ।
