ਬਿਲਗਾ, 9 ਜੁਲਾਈ 2024-ਸ਼੍ਰੋਮਣੀ ਅਕਾਲੀ ਦਲ ਵਿੱਚ ਪਏ ਕਾਟੋ ਕਲੇਸ਼ ਨੂੰ ਦੇਖਦਿਆ ਪੰਜਾਬ ਦੇ 117 ਹਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ ਬਣਨ ਵਾਲੇ ਹੋਏ ਪੱਬਵਾਂ ਭਾਰ। ਜਲੰਧਰ ਦੇ ਹਲਕਾ ਨਕੋਦਰ ਦੀ ਮਿਸਾਲ ਨੂੰ ਦੇਖਦਿਆਂ ਇੱਥੋ ਦੇ ਮੁੱਖ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ ਜੋ ਝੂੰਦਾਂ ਕਮੇਟੀ ਦੇ ਮੈਂਬਰ ਸਨ। 2022 ਦੀ ਵਿਧਾਨ ਸਭਾ ਚੋਣ ਵਿੱਚ ਪਾਰਟੀ ਦੀ ਹੋਈ ਹਾਰ ਦੇ ਕਾਰਨ ਲੱਭਣ ਵਾਲੀ ਕਮੇਟੀ ਨੂੰ ਬਠਿੰਡਾ ਲੋਕ ਸਭਾ ਹਲਕਾ ਤੋਂ ਇਲਾਵਾ ਪੰਜਾਬ ਭਰ ਚ ਵਰਕਰਾਂ ਤੋਂ ਪਾਰਟੀ ਦੀ ਹਾਰਨ ਦੇ ਕਾਰਨ ਲੱਭਣ ਦਾ ਮੌਕਾ ਮਿਲਿਆ। ਪਾਰਟੀ ਵਿੱਚ ਝੂੰਦਾਂ ਕਮੇਟੀ ਵੱਲੋ ਦਿੱਤੀ ਰਿਪੋਰਟ ਨੂੰ ਇਨ ਬਿਨ ਲਾਗੂ ਕਰਨ ਦੀ ਬਜਾਏ ਲੋਕ ਸਭਾ 2024 ਦੀ ਚੋਣ ਲੜੀ ਗਈ ਪਰ ਪਾਰਟੀ ਦੀ ਮੁੜ ਕਰਾਰੀ ਹਾਰ ਨੂੰ ਦੇਖਦਿਆ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਪਾਰਟੀ ਅੰਦਰ ਵੱਡੀ ਕਤਾਰਬੰਦੀ ਹੋ ਗਈ।ਜਿਸ ਵਿੱਚ ਲੀਡਰਾਂ ਦੀ ਵੱਡੀ ਧਿਰ ਜਿੱਥੇ ਪਾਰਟੀ ਪ੍ਰਧਾਨ ਬਦਲਣ ਦੀ ਮੰਗ ਕਰ ਰਹੀ ਹੈ ਉੱਥੇ 1 ਜੁਲਾਈ ਨੂੰ ਅਕਾਲ ਤਖ਼ਤ ਤੇ ਪੇਸ਼ ਹੋ ਕੇ ਹੋਈਆਂ ਭੁੱਲਾਂ ਬਖਸ਼ਾਉਣ ਅਤੇ ਪਾਰਟੀ ਪ੍ਰਧਾਨ ਖਿਲ਼ਾਫ ਲਿਖਤੀ ਪੱਤਰ ਦਿੱਤਾ ਗਿਆ ਜਿਸ ਵਿੱਚ ਚਾਰ ਵੱਡੀਆਂ ਕੁਤਾਹੀਆਂ ਕਰਨ ਦਾ ਜਿਕਰ ਕੀਤਾ ਗਿਆ। ਕੀ ਸਿੰਘ ਸਾਹਿਬ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੁਲਾਉਣਗੇ?
ਹਮੇਸ਼ਾ ਹੀ ਪਾਰਟੀਆਂ ਦੀ ਪਾਟੋਧਾੜ ਵਿੱਚ ਨੁਕਰੇ ਲੱਗੇ ਆਗੂਆਂ ਦਾ ਗੁਣਾਂ ਪੈ ਜਾਂਦਾ ਹੈ। ਭਾਂਵੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਰਾਜ਼ ਲੀਡਰਾਂ ਖਿਲ਼ਾਫ ਅਜੇ ਕਾਰਵਾਈ ਨਹੀ ਕੀਤੀ। ਇਹ ਜਰੂਰ ਹੈ ਕਿ ਨਵੇਂ ਹਲਕਾ ਇੰਚਾਰਜਾਂ ਨੂੰ ਇਸ਼ਾਰਾ ਹੋ ਗਿਆ ਹੈ ਕਿ ਸੇਧ ਵੇਦ ਕਰੋ।
ਹਲਕਾ ਨਕੋਦਰ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਨੇ ਭੁੱਲਰ ਪਰਿਵਾਰ ਨੂੰ ਇਸ਼ਾਰਾ ਕਰਨ ਤੇ ਇਹ ਪਰਿਵਾਰ ਮੈਦਾਨ ਵਿੱਚ ਤਾਂ ਆ ਗਿਆ ਹੈ। ਜਿਸ ਨੇ ਬਿਆਨਬਾਜੀ ਸ਼ੁਰੂ ਕਰਕੇ ਮਾਹੌਲ ਗਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਲਕੇ ਅੰਦਰ ਅੱਜ ਵੀ ਵਡਾਲਾ ਧੜਾ ਮਜਬੂਤੀ ਵਿੱਚ ਕਿਹਾ ਜਾ ਸਕਦਾ ਹੈ। ਉਸ ਦੇ ਮੁਕਾਬਲੇ ਭੁੱਲਰ ਪਰਿਵਾਰ ਦੀ ਸਰਗਰਮੀ ਦੀ ਗੱਲ ਕੀਤੀ ਜਾਵੇ ਤਾਂ ਬਾਦਲ ਦੇ ਇਸ਼ਾਰੇ ਤੋਂ ਪਹਿਲਾਂ ਕੋਈ ਸਰਗਰਮੀ ਨਹੀ ਸੀ।
ਗੁਰਪ੍ਰਤਾਪ ਸਿੰਘ ਵਡਾਲਾ ਜੋ ਜਲੰਧਰ ਨੇੜਿਓ ਆ ਕੇ ਹਲਕਾ ਨਕੋਦਰ ਵਿੱਚ ਹਲਕੇ ਨੂੰ ਦੇਖਦੇ ਹਨ ਜਿਹਨਾਂ ਲਈ ਨੂਰਮਹਿਲ ਬਿਲਗਾ ਦੂਰ ਪੈ ਜਾਂਦਾ ਹੈ ਇੱਥੋ ਦੇ ਵਰਕਰਾਂ ਨੂੰ ਪਿੰਡ ਵਡਾਲਾ ਦੂਰ ਪੈ ਜਾਂਦਾ ਹੈ ਇਸ ਸਭ ਕੁਝ ਨੂੰ ਦੇਖਦਿਆ ਭੁੱਲਰ ਪਰਿਵਾਰ ਤਾਂ ਆਪਣੇ ਨੇੜੇ ਪਿੰਡਾਂ ਤੱਕ ਵੀ ਅਧਾਰ ਨਹੀ ਬਣਾ ਸਕਿਆ। ਨੂਰਮਹਿਲ ਤੱਕ ਤਾਂ ਦੂਰ ਦੀ ਗੱਲ ਹੈ। ਇਕ ਉਹ ਸਮਾਂ ਵੀ ਸੀ ਜਦੋ ਰਾਜਕਮਲ ਸਿੰਘ ਗਿੱਲ ਦੇ ਇਸ਼ਾਰੇ ਤੇ ਵੱਡੀ ਗਿਣਤੀ ਵਿੱਚ ਬਲਾਕ ਨੂਰਮਹਿਲ ਦੇ ਨੌਜਵਾਨ ਆਗੂ ਮਹਿਸੂਸ ਕਰ ਗਏ ਕਿ ਸਾਨੂੰ ਲੀਡਰ ਮਿਲ ਗਿਆ ਹੈ। ਇਸ ਦੌਰਾਨ ਸ ਗੁਰਦੀਪ ਸਿੰਘ ਭੁੱਲਰ ਦੀ ਬਰਸੀ ਮਨਾਈ ਗਈ ਬੜਾ ਭਰਵਾਂ ਇਕੱਠ ਹੋਇਆ ਬੜੀਆਂ ਸਪੀਚਾਂ ਹੋਈਆਂ ਪਰ ਘਰ ਆਏ ਨੌਜਵਾਨ ਆਗੂ ਜਿਹਨਾਂ ਨੂੰ ਸ ਗਿੱਲ ਨਹੀ ਸੰਭਾਲ ਸਕੇ, ਸਗੋ ਉਹ ਵਡਾਲਾ ਦੀਆਂ ਨਜ਼ਰਾਂ ‘ਚ ਵੀ ਰੜਕਨ ਲੱਗੇ। ਭੁੱਲਰ ਧੜੇ ਦੇ ਅਖਵਾਉਣ ਵਾਲੇ ਪਹਿਲਾਂ ਨੁਕਰੇ ਲਗਾਏ ਗਏ ਜੋ ਸਮਾਂ ਵਿਚਾਰ ਕੇ ਸੱਜੇ ਖੱਬੇ ਹੋ ਗਏ। ਜਿਹਨਾਂ ਨੂੰ ਹੁਣ ਫਿਰ ਸੁਨੇਹਾ ਲੱਗਾ ਪਰ ਉਹ ਪਿੰਡ ਭੁੱਲਰਾਂ ਤੋਂ ਦੂਰ ਹੀ ਰਹੇ।
ਹੁਣ ਦੇਖਣਾਂ ਇਹ ਹੋਵੇਗਾ ਕਿ ਕੀ ਸੁਖਬੀਰ ਬਾਦਲ ਰਾਜਕਮਲ ਸਿੰਘ ਗਿੱਲ ਨੂੰ ਹਲਕਾ ਨਕੋਦਰ ਤੋ ਇੰਚਾਰਜ ਬਣਾ ਦੇਣਗੇ। ਇਸ ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ?
