ਜਲੰਧਰ ‘ਚ ਵੱਡੇ ਅਕਾਲੀ ਲੀਡਰਾਂ ਦੀ ਮੀਟਿੰਗ
ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਜਲੰਧਰ ਵਿੱਚ ਇਕ ਅਹਿਮ ਮੀਟਿੰਗ ਹੋਈ। ਇਸ ਵਿੱਚ ਸਾਰੇ ਮਹੱਤਵਪੂਰਨ ਮਸਲਿਆ ਉੱਪਰ ਵਿਚਾਰਾਂ ਕੀਤੀਆਂ ਗਈਆਂ।ਜਲੰਧਰ ਪੱਛਮੀ ਦੀ ਚੋਣ ਦੇ ਸੰਬੰਧ ਵਿੱਚ ਅਕਾਲੀ ਦਲ ਵੱਲੋਂ ਆਪਣੇ ਹੀ ਚੋਣ ਨਿਸ਼ਾਨ ਤੱਕੜੀ ਦੇ ਵਿਰੁੱਧ ਬਹੁਜਨ ਸਮਾਜ ਪਾਰਟੀ ਦੀ ਮਦਦ ਕਰਨਾ ਗੈਰ ਪੰਥਕ ਮਾਨਸਿਕਤਾ ਦਾ ਪ੍ਰਗਟਾਵਾ ਹੈ। ਜਿਸਦਾ ਸਾਰਾ ਸਿੱਖ ਪੰਥ ਗੰਭੀਰ ਨੋਟੀਸ ਲੈ ਰਿਹਾ ਹੈ।
ਇਸ ਪੰਥ ਵਿਰੋਧੀ ਫ਼ੈਸਲੇ ਨੂੰ ਸੰਗਤਾਂ ਵੱਲੋਂ ਬੜਾ ਗਲਤ ਅਤੇ ਸ਼ਰਮਨਾਕ ਸਮਝਿਆਂ ਜਾ ਰਿਹਾ ਹੈ। ਤੱਕੜੀ ਸਿੱਖ ਪੰਥ ਦਾ ਬਹੁਤ ਸਤਿਕਾਰਿਤ ਚੋਣ ਨਿਸ਼ਾਨ ਅਤੇ ਚਿੰਨ ਹੈ। ਜਿਸ ਉੱਪਰ ਸਾਰੀ ਸਿੱਖ ਸੰਗਤ ਨੂੰ ਮਾਣ ਹੈ। ਇਸਦੇ ਸਤਿਕਾਰ ਨੂੰ ਘਟਾਉਣਾ ਸਿੱਖ ਪੰਥ ਦਾ ਨਿਰਾਦਰ ਕਰਨਾ ਹੈ।
ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਅਤੇ ਉਸਤੋਂ ਬਾਅਦ ਪੁਲਿਸ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਫਾਇਰਿੰਗ ਬਾਰੇ ਰਿਪੋਰਟ ਤਿਆਰ ਕੀਤੀ ਸੀ ਜਿਸਦੀ ਉਨ੍ਹਾਂ ਆਪਣੀ ਕਿਤਾਬ ਲਿਖੀ ਹੈ। ਕਿਤਾਬ ਵਿੱਚ ਉਨ੍ਹਾਂ ਨੇ ਬੜੇ ਗੰਭੀਰ, ਸਨਸਨੀਖੇਜ ਅਤੇ ਚਿੰਤਾਜਨਕ ਪਹਿਲੂ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਹਨ। ਇਸ ਕਿਤਾਬ ਵਿੱਚ ਉਨ੍ਹਾਂ ਨੇ ਸਾਫ਼ ਲਿਖਿਆ ਹੈ ਕਿ ਡੇਰਾ ਸਿਰਸਾ ਦੇ ਸਾਧ ਨੂੰ ਮਾਫ਼ੀ ਦਿਵਾਉਣ ਵਾਸਤੇ ਸ. ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਰੋਲ ਅਦਾ ਕੀਤਾ ਹੈ।
ਇਹਨਾਂ ਦੋਨਾਂ ਨੇ ਕਿਵੇਂ ਸਿੰਘ ਸਾਹਿਬਾਨਾਂ ਨੂੰ ਚੰਡੀਗੜ੍ਹ ਬੁਲਾ ਕੇ ਉਹਨਾਂ ਉੱਪਰ ਦਬਾਅ ਪਾਇਆ। ਸਿੱਖ ਪ੍ਰਮਪੰਰਾ ਦੀ ਪ੍ਰਵਾਹ ਨਾ ਕਰਦੇ ਹੋਏ ਦੋਵਾਂ ਲੀਡਰਾਂ ਨੇ ਸਿੰਘ ਸਾਹਿਬਾਨਾਂ ਨੂੰ ਮਜਬੂਰ ਕਰਕੇ ਉਹਨਾਂ ਤੋਂ ਡੇਰੇ ਸਾਧ ਦੀ ਮਾਫੀ ਦਾ ਫੈਸਲਾ ਕਰਵਾਇਆ। ਇਸ ਫੈਸਲੇ ਉਪਰ ਸਿੱਖ ਪੰਥ ਨੂੰ ਬੜਾ ਰੋਸ ਅਤੇ ਗੁੱਸਾ ਹੈ।
ਸਿੱਖ ਕੌਮ ਨੇ ਕਦੇ ਵੀ ਇਸ ਗਲਤੀ ਨੂੰ ਆਪਣੇ ਮਨਾਂ ਵਿੱਚੋਂ ਕੱਢਿਆ ਨਹੀਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਨਾ ਫੈਸਲਿਆਂ ਦਾ ਬਹੁਤ ਵੱਡਾ ਖੁਮਿਆਜਾ ਭੁਗਤਣਾ ਪਿਆ। ਸੰਗਤਾਂ ਦੀ ਭਾਵਨਾ ਨੂੰ ਸਮਝਕੇ ਆਪਣੇ ਆਪ ਦੀ ਜਿੰਮੇਵਾਰੀ ਨੂੰ ਕਬੂਲਦੇ ਹੋਏ ਅਸੀਂ ਸਾਰੇ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਏ। ਗੁਰੂ ਸਾਹਿਬ ਤੋਂ ਇਨਾਂ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਵਾਸਤੇ ਖਿਮਾ ਯਾਚਨਾ ਲਈ ਅਰਦਾਸ ਕੀਤੀ। ਜਸਟਿਸ ਰਣਜੀਤ ਸਿੰਘ ਦੀ ਲਿਖੀ ਕਿਤਾਬ ਅਤੇ ਉਨਾਂ ਵੱਲੋਂ ਦਰਸਾਏ ਹੋਏ ਤੱਥਾਂ ਨੇ ਇੱਕ ਵਾਰ ਫਿਰ ਸਿੱਖ ਪੰਥ ਦੇ ਸਾਹਮਣੇ ਗੁਨਾਹਾਂ ਨਾਲ ਭਰੇ ਹੋਏ ਫੈਸਲੇ ਜਗ ਜਾਹਰ ਕਰ ਦਿੱਤੇ।
ਭਾਈ ਗਜਿੰਦਰ ਸਿੰਘ ਹਾਈਜੇਕਰ ਦੇ ਅਕਾਲ ਚਲਾਣਾ ਉੱਪਰ ਬਹੁਤ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਉਨਾਂ ਦੀ ਪੰਥ ਵਾਸਤੇ ਕੀਤੀ ਕੁਰਬਾਨੀ ਨੂੰ ਸੰਗਤਾਂ ਹਮੇਸ਼ਾ ਯਾਦ ਰੱਖਣਗੀਆਂ। ਭਾਈ ਗਜਿੰਦਰ ਸਿੰਘ ਸਿੱਖ ਪੰਥ ਦੇ ਮਹਾਨ ਯੋਧਿਆਂ ਵਿੱਚੋਂ ਹਨ ਜਿਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿੱਖ ਸੰਘਰਸ਼ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ। ਉਨਾਂ ਦੀ ਕੁਰਬਾਨੀ ਤੋਂ ਆਉਣ ਵਾਲੀਆਂ ਪੀੜੀਆਂ ਨੂੰ ਸਰਕਾਰਾਂ ਦੇ ਜਬਰ ਵਿਰੁੱਧ ਲੜਾਈ ਲੜਨ ਵਾਸਤੇ ਪ੍ਰੇਰਨਾ ਮਿਲੇਗੀ।
ਪੀਟੀਸੀ ਚੈਨਲ ਬਹੁਤ ਲੰਬੇ ਸਮੇਂ ਤੋਂ ਗੁਰਬਾਣੀ ਦਾ ਪ੍ਰਸਾਰਨ ਕਰਦਾ ਆ ਰਿਹਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਆਪਣੇ ਚੈਨਲ ਰਾਹੀਂ ਗੁਰਬਾਣੀ ਦਾ ਪ੍ਰਸਾਰਨ ਸ਼ੁਰੂ ਕਰੇ। ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੇ ਸਮੇਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਲੀਡਰਾਂ ਦਰਮਿਆਨ ਸਹਿਮਤੀ ਸੀ ਕਿ ਪੀਟੀਸੀ ਨੂੰ ਗੁਰਬਾਣੀ ਦਾ ਪ੍ਰਸਾਰਨ ਛੱਡ ਦੇਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਵੀ ਇਸ ਬਾਰੇ ਹਾਮੀ ਭਰੀ ਸੀ ਅਤੇ ਆਖਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਪ੍ਰਬੰਧ ਪੂਰੇ ਕਰਕੇ ਆਪਣੇ ਚੈਨਲ ਰਾਹੀਂ ਪ੍ਰਸਾਰਨ ਸ਼ੁਰੂ ਕਰ ਦੇਵੇਗੀ। ਪੀਟੀਸੀ ਚੈਨਲ ਦੇ ਉੱਚ ਅਧਿਕਾਰੀ ਸ੍ਰੀ ਰਵਿੰਦਰਨ ਵੱਲੋਂ ਵੀ ਆਖਿਆ ਸੀ ਕਿ ਅਸੀਂ ਗੁਰਬਾਣੀ ਦਾ ਪ੍ਰਸਾਰਨ SGPC ਦੇ ਹਵਾਲੇ ਕਰ ਦੇਣਾ ਹੈ। ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਆਪਣੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਸਿੱਖ ਸੰਗਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ ਜਿਸ ਦਾ ਸਿੱਟਾ ਹਾਲ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੀਆ ਤੋਂ ਨਜ਼ਰ ਆ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਾਹਿਬਾਨਾਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਬਣਵਾਉਣ ਵਾਸਤੇ ਆਪਣਾ ਪੁਰਜ਼ੋਰ ਯੋਗਦਾਨ ਪਾਉਣ। ਇਹ ਵੋਟਾਂ 31 ਜੁਲਾਈ ਤੱਕ ਬਣਾਈਆਂ ਜਾ ਸਕਦੀਆਂ ਹਨ ਜਿਸ ਦਾ ਫੈਸਲਾ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ
ਇਸ ਵਾਰ ਯੂਕੇ ਦੀ ਪਾਰਲੀਮੈਂਟ ਇਲੈਕਸ਼ਨ ਵਿੱਚ ਪੰਜਾਬੀ ਉਮੀਦਵਾਰਾਂ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ। ਅਸੀਂ ਸਮੁੱਚੇ ਪੰਥ ਵੱਲੋਂ ਸਾਰੇ ਚੁਣੇ ਗਏ ਯੂਕੇ ਦੇ ਮੈਂਬਰ ਪਾਰਲੀਮੈਂਟ ਜਿਨਾਂ ਦਾ ਸੰਬੰਧ ਪੰਜਾਬ ਅਤੇ ਆਪਣੇ ਦੇਸ਼ ਨਾਲ ਹੈ ਨੂੰ ਵਧਾਈਆਂ ਦਿੰਦੇ ਹਾਂ। ਆਸ ਕਰਦੇ ਹਾਂ ਕਿ ਇਹ ਸਾਰੇ ਚੁਣੇ ਹੋਏ ਐਮਪੀ ਪੰਜਾਬੀ ਭਾਈਚਾਰੇ ਦਾ ਅਤੇ ਬਰਤਾਨੀਆ ਵਿੱਚ ਰਹਿੰਦੇ ਦੇਸ਼ ਵਾਸੀਆਂ ਦਾ ਆਪਣੇ ਯੋਗਦਾਨ ਰਾਹੀਂ ਮਾਣ ਵਧਾਉਣਗੇ।
ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਗਗਨਦੀਪ ਸਿੰਘ ਬਰਨਾਲਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਬਲਦੇਵ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ, ਕਰਨੈਲ ਸਿੰਘ ਪੰਜੋਲੀ, ਸੁਖਵਿੰਦਰ ਸਿੰਘ ਔਲਖ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਪਰਮਜੀਤ ਕੌਰ ਲਾਂਡਰਾ, ਸਤਵਿੰਦਰ ਸਿੰਘ ਟੌਹੜਾ, ਕੁਲਵੀਰ ਸਿੰਘ ਮੱਟਾ ਆਦਿ ਹਾਜ਼ਰ ਸਨ।.