ਰੋਗਾਂ ਦੇ ਕਾਰਨਾਂ, ਲੱਛਣਾਂ, ਬਚਾਅ ਤੇ ਇਲਾਜ ਬਾਰੇ ਕੀਤਾ ਜਾਗਰੂਕ
ਮੁਫ਼ਤ ਐਂਟੀ ਰੈਬੀਜ਼ ਟੀਕਾਕਰਨ ਕੈਂਪ ਵੀ ਲਗਾਇਆ
ਜਲੰਧਰ, 6 ਜੁਲਾਈ 2024-ਪਸ਼ੂ ਪਾਲਣ ਵਿਭਾਗ ਜਲੰਧਰ ਵੱਲੋਂ ਡਿਪਟੀ ਡਾਇਰੈਕਟਰ ਡਾ. ਹਰਮਨਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਸਥਾਨਕ ਦੁਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਜ਼ੂਨੋਸਿਸ ਦਿਵਸ ਮਨਾਇਆ ਗਿਆ।
ਇਸ ਮੌਕੇ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਜਲੰਧਰ ਡਾ. ਅਨਿਲ ਕੁਮਾਰ ਅਤੇ ਸੀਨੀਅਰ ਵੈਟਰਨਰੀ ਅਫ਼ਸਰ ਜਲੰਧਰ ਡਾ. ਰਾਮ ਮੂਰਤੀ ਮੱਟੂ ਨੇ ਵਿਦਿਆਰਥੀਆਂ ਨੂੰ ਵਿਸ਼ਵ ਜ਼ੂਨੋਸਿਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਹਰ ਸਾਲ 6 ਜੁਲਾਈ ਨੂੰ ਵਿਸ਼ਵ ਜ਼ੂਨੋਸਿਸ ਰੋਕਥਾਮ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਜਾਨਵਰਾਂ ਤੋਂ ਮਨੁੱਖ ਨੂੰ ਹੋਣ ਵਾਲੇ ਰੋਗਾਂ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਮੌਕੇ ਪਸ਼ੂਆਂ ਤੋਂ ਇਨਸਾਨਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਘਰਾਂ ਵਿਚ ਰੱਖੇ ਜਾਣ ਵਾਲੇ ਜਾਨਵਰਾਂ ਦੀ ਲਗਾਤਾਰ ਜਾਂਚ ਅਤੇ ਟੀਕਾਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੋਂ ਇਲਾਵਾ ਸਕੂਲ ਦਾ ਸਟਾਫ਼ ਵੀ ਮੌਜੂਦ ਸੀ।

ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਸਥਾਨਕ ਵੈਟਰਨਰੀ ਪੋਲੀਕਲੀਨਿਕ ਵਿਖੇ ਮੁਫ਼ਤ ਐਂਟੀ ਰੈਬੀਜ਼ ਟੀਕਾਕਰਨ ਕੈਂਪ ਵੀ ਲਗਾਇਆ ਗਿਆ।
ਕੈਪ ਵਿੱਚ ਸਹਾਇਕ ਡਾਇਰੈਕਟਰ ਡਾ. ਅਨਿਲ ਕੁਮਾਰ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਮ ਮੂਰਤੀ ਮੱਟੂ, ਸੀਨੀਅਰ ਵੈਟਰਨਰੀ ਇੰਸਪੈਕਟਰ ਅਸ਼ੋਕ ਕੁਮਾਰ, ਡੀ. ਵੀ. ਆਈ. ਸੁਰਿੰਦਰ ਕੁਮਾਰ ਅਤੇ ਲੈਬ ਸਹਾਇਕ ਵਰੁਣ ਕੁਮਾਰ ਵੀ ਮੌਜੂਦ ਸਨ।
