ਸਥਾਨਕ ਸਿਵਲ ਹਸਪਤਾਲ ਦੇ ਬਾਹਰ ਅੱਜ ਸਵੇਰੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ ਗੋਰਾ ਉੱਪਰ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੇਰ ਰਾਤ ਦੋ ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਫਤਿਹਗੜ੍ਹ ਪੁਲਿਸ ਅਤੇ ਲੁਧਿਆਣਾ ਪੁਲਿਸ ਵਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸਰਬਜੀਤ ਸਿੰਘ ਉਰਫ ਸਾਬਾ ਵਾਸੀ ਟਿੱਬਾ ਰੋਡ ਅਤੇ ਹਰਜੋਤ ਸਿੰਘ ਜੋਤਾ ਹੈ ਜਦਕਿ ਇਨ੍ਹਾਂ ਦਾ ਇਕ ਸਾਥੀ ਟਹਿਲ ਸਿੰਘ ਉਰਫ ਲਾਡੀ ਅਜੇ ਫਰਾਰ ਹੈ। ਪੁਲਿਸ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਸ਼ਿਵ ਸੈਨਾ ਆਗੂ ਦੇ ਸਕੂਟਰ ਉਤੇ ਹੀ ਫਤਿਹਗੜ੍ਹ ਸਾਹਿਬ ਪਹੁੰਚੇ ਸਨ ਜਿਥੋਂ ਕਿ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ।