ਫਿਲੌਰ 15 ਜੂਨ 2024-ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਅਤੇ ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਜਰਨੈਲ ਫਿਲੌਰ ਨੇ ਪੰਜਾਬ ਸਰਕਾਰ ਵਲੋੰ ਬਿਜਲੀ ਕੀਮਤਾਂ ਵਿੱਚ ਵਾਧੇ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਘਰੇਲੂ ਤੇ ਉਦਯੋਗਿਕ ਇਕਾਈਆਂ ਲਈ ਬਿਜਲੀ ਦੀਆਂ ਦਰਾਂ ਵਿੱਚ ਕੀਤਾ ਵਾਧਾ ਸਧਾਰਨ ਲੋਕਾਂ ਸਿਰ ਵੱਡਾ ਬੋਝ ਪਾਇਆ ਹੈ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਤੇ ਸਾਰਾ ਅਮਲਾ ਮੁਫ਼ਤ ਤੇ ਸਸਤੀ ਬਿਜਲੀ ਸਬੰਧੀ ਗੁੰਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ ਤੇ ਦੂਜੇ ਪਾਸੇ ਬਿਜਲੀ ਦੀਆਂ ਕੀਮਤਾਂ ਵਿੱਚ ਹਰ ਸਾਲ ਬੇਤਹਾਸ਼ਾ ਵਾਧਾ ਕੀਤਾ ਜਾ ਰਿਹਾ ਹੈ। ਜਿੱਥੇ ਬਿਜਲੀ ਦੀਆਂ ਵਧੀਆ ਕੀਮਤਾਂ ਕਾਰਨ ਆਮ ਲੋਕਾਂ ਦੀਆਂ ਜੇਬਾਂ ਖਾਲੀ ਹੋਣਗੀਆਂ ਉੱਥੇ ਪੰਜਾਬ ਦੀਆਂ ਸਨਅਤਾਂ ’ਤੇ ਵੀ ਮਾੜਾ ਅਸਰ ਪਵੇਗਾ ਤੇ ਉਹ ਸਸਤੀ ਬਿਜਲੀ ਦੀ ਭਾਲ ਵਿੱਚ ਦੂਸਰੇ ਰਾਜਾਂ ਵੱਲ ਹਿਜਰਤ ਕਰਨਗੀਆਂ।
ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਤਰੁੰਤ ਵਾਪਸ ਲਿਆ ਜਾਵੇ ਅਤੇ ਸਨਅਤੀ ਇਕਾਈਆਂ ਨੂੰ ਵਾਅਦੇ ਅਨੁਸਾਰ ਪੰਜ ਰੁਪਏ ਬਿਜਲੀ ਯੂਨਿਟ ਮੁਹੱਈਆ ਕਰਵਾਈ ਜਾਵੇ।
