ਫਿਲੌਰ, 11 ਜੂਨ 2024-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਸਥਾਨਕ ਸ਼ਹਿਰ ਦੇ ਕਿਸੇ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਅਤੇ ਬੁੱਤ ਸਥਾਪਤ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਅੱਗੇ ਇੱਕ ਇਕੱਠ ਕੀਤਾ। ਇਸ ਦੀ ਅਗਵਾਈ ਗੁਰਦੀਪ ਬੇਗਾਮਪੁਰ, ਬਲਦੇਵ ਸਿੰਘ ਸਾਹਨੀ, ਅਮਰੀਕ ਰੁੜਕਾ ਨੇ ਕੀਤੀ।
ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਸ਼ਹਿਰ ਵਿੱਚ ਲਵਾਉਣਾ ਬਹੁਤ ਜਰੂਰੀ ਹੈ ਕਿਉਕਿ ਭਗਤ ਸਿੰਘ ਦੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪਸਾਰ ਦਾ ਅਜੋਕੇ ਦੌਰ ‘ਚ ਮਹੱਤਵ ਹੋਰ ਵੀ ਵੱਧ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਆਜ਼ਾਦੀ ਘੁਲਾਟੀਏ ਅਤੇ ਬਾਰਬਾਰਤਾ ਵਾਲਾ ਸਮਾਜ ਸਿਰਜਣ ਦੇ ਮੁਦਈ ਦੇ ਨਾਂ ‘ਤੇ ਸ਼ਹਿਰ ਵਿੱਚ ਯਾਦਗਾਰ ਉਸਾਰੀ ਜਾਵੇ। ਉਨ੍ਹਾ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਭਨਾਂ ਨੂੰ ਬਰਾਬਰ ਦੇ ਅਧਿਕਾਰ ਦੇਣ, ਫਿਰਕਾਪ੍ਰਸਤੀ ਨੂੰ ਖਤਮ ਕਰਨ, ਗਰੀਬੀ, ਅਨਪੜਤਾ ਨੂੰ ਖਤਮ ਕਰਨ ਦਾ ਸੁਨੇਹਾ ਦਿੰਦੀ ਹੈ।
ਨੌਜਵਾਨਾਂ ਨੂੰ ਸੰਬੋਧਨ ਕਰਦਿਆ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਉਕਤ ਮੰਗ ਨੂੰ ਲੈ ਕੇ ਪਹਿਲਾਂ ਵੀ ਉਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੰਗ ਪੱਤਰ ਦੇ ਚੁੱਕੇ ਹਨ ਪ੍ਰੰਤੂ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਉਹਨਾਂ ਦੇ ਮੰਗ ਪੱਤਰ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਸਨੀ ਜੱਸਲ, ਪ੍ਰਭਾਤ ਕਵੀ, ਸੁਨੀਲ ਭੈਣੀ, ਸੰਦੀਪ ਸਿੰਘ, ਜੱਸਾ ਰੁੜਕਾ, ਲਾਡਾ ਔਜਲਾ, ਕੁਲਦੀਪ ਬਿਲਗਾ, ਸੋਨੂੰ ਢੇਸੀ, ਲਖਬੀਰ ਖੋਖੇਵਾਲ, ਰਛਪਾਲ ਬਿਰਦੀ, ਅੰਗਰੇਜ਼ ਸਿੰਘ, ਰਿੱਕੀ ਮੀਉਵਾਲ, ਹਰਜੀਤ ਸਿੰਘ ਢੇਸੀ, ਮਿੰਟੂ ਸਮਰਾੜੀ, ਪਵਿੱਤਰ ਛੋਕਰਾਂ, ਅਵਤਾਰ ਸਿੰਘ, ਅਰਸ਼ਪ੍ਰੀਤ ਗੁਰੂ, ਪ੍ਰਸ਼ੋਤਮ ਫਿਲੌਰ, ਯਸ਼ ਬੇਗਮਪੁਰ ਆਦਿ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮੱਖਣ ਸੰਗਰਾਮੀ ਨੇ ਨਿਭਾਈ। ਆਖਰ ‘ਤੇ ਮੰਗ ਪੱਤਰ ਲੈਣ ਵੇਲੇ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਪਾਲ ਚੁੰਬਰ, ਮੀਤ ਪ੍ਰਧਾਨ ਸ਼ੰਕਰ ਸੰਧੂ, ਕੌਂਸਲਰ ਰਾਕੇਸ਼ ਕਾਲੀਆ, ਰਾਜਵਿੰਦਰ ਕਾਕਾ, ਰਾਏ ਬਰਿੰਦਰ, ਰਾਜ ਕੁਮਾਰ ਹੰਸ ਆਦਿ ਹਾਜ਼ਰ ਸਨ।