ਪੰਜਾਬ ਵਿੱਚੋਂ ਪ੍ਰਸ਼ੋਤਮ ਬਿਲਗਾ ਸਮੇਤ ਚਾਰ ਕਮਿਊਨਿਸਟ ਅਤੇ ਨੌਂ ਕਾਂਗਰਸੀ ਲੋਕ ਸਭਾ ਵਿੱਚ ਪੁੱਜਣਗੇ – ਕਾਮਰੇਡ ਸੇਖੋਂ ਅਤੇ ਬੰਤ ਸਿੰਘ ਬਰਾੜ
ਜੰਡਿਆਲਾ ਮੰਜਕੀ, 30 ਮਈ 2024- ਭਾਰਤ ਵਿੱਚ 4 ਜੂਨ ਬਾਅਦ ਇੰਡੀਆ ‘ ਗਠਜੋੜ ਦੀ ਸਰਕਾਰ ਬਣੇਗੀ ਅਤੇ ਕਮਿਊਨਿਸਟ ਇਸ ਸਰਕਾਰ ਦਾ ਬਾਹਰੋਂ ਸਮਰਥਨ ਕਰਨਗੇ । ਇਹ ਐਲਾਨ ਅੱਜ ਇੱਥੇ ਜੰਡਿਆਲਾ ਮੰਜਕੀ ਵਿਖੇ ਚੋਣ ਪ੍ਰਚਾਰ ਦੇ ਆਖਰੀ ਦਿਨ ਸੀਪੀਆਈ ( ਐਮ ) ਅਤੇ ਸੀਪੀਆਈ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਰਟਾਇਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਹੋਈ ਇੱਕ ਬਹੁਤ ਹੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ (ਐਮ) ਦੇ ਰਾਸ਼ਟਰੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਨੇ ਕੀਤਾ । ਇਸੇ ਮੌਕੇ ਤੇ ਇਸੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ ( ਐਮ ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੀਪੀਆਈ ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਵਾਰ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ ਸਮੇਤ ਚਾਰ ਕਮਿਊਨਿਸਟ ਅਤੇ ਨੌਂ ਕਾਂਗਰਸੀ ਜਿੱਤ ਕੇ ਲੋਕ ਸਭਾ ਵਿੱਚ ਪੁੱਜਣਗੇ ਅਤੇ ਬਾਕੀ ਸਾਰੀਆਂ ਪਾਰਟੀਆਂ ਦਾ ਮੁਕੰਮਲ ਸਫਾਇਆ ਹੋ ਜਾਵੇਗਾ । ਸਭ ਨੂੰ ਗੋਲ ਆਂਡੇ ਹੀ ਮਿਲਣਗੇ । ਇਸ ਵਿਸ਼ਾਲ ਚੋਣ ਰੈਲੀ ਦੀ ਪ੍ਰਧਾਨਗੀ ਸੀਪੀਆਈ (ਐਮ) ਦੇ ਸੀਨੀਅਰ ਆਗੂ ਕਾਮਰੇਡ ਭੂਪ ਚੰਦ ਚੰਨੋ ਅਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਜੌਹਲ ਨੇ ਨਿਭਾਈ ।

ਤਿੱਖੀ ਧੁੱਪ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੈਲੀ ਵਿੱਚ ਪਹੁੰਚੇ ਜਿਨਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੀਤਾ ਰਾਮ ਯੈਚੁਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਨੇ ਦੇਸ਼ ਨੂੰ ਸਾਰੇ ਪੱਖਾਂ ਤੋਂ ਤਬਾਹੀ ਦੇ ਕੰਢੇ ਤੇ ਲਿਆਕੇ ਖੜਾ ਕਰ ਦਿੱਤਾ ਹੈ । ਇਸ ਸਰਕਾਰ ਨੇ ਨੋਟਬੰਦੀ , ਜੀਐਸਟੀ , ਕੋਵਿਡ ਦੀਆਂ ਪਾਬੰਦੀਆਂ ਅਤੇ ਹੋਰ ਮਾਰੂ ਲੋਕ ਵਿਰੋਧੀ ਕਦਮਾਂ ਨਾਲ ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ ਕੰਗਾਲ ਕਰਕੇ ਮੰਗਤੇ ਬਣਾ ਦਿੱਤਾ ਹੈ । ਹਿੰਦੂ ਰਾਸ਼ਟਰਵਾਦ , ਰਾਮ ਮੰਦਿਰ , ਮੁਸਲਮ ਵਿਰੋਧੀ ਨਫਰਤੀ ਪ੍ਰਚਾਰ ਨਾਲ ਦੇਸ਼ ਨੂੰ ਫਿਰਕੂ ਆਧਾਰ ਤੇ ਵੰਡ ਕੇ ਲੋਕਾਂ ਦੀ ਭਾਈਚਾਰਕ ਏਕਤਾ ਅਤੇ ਇੱਕ ਮੁਠਤਾ ਨੂੰ ਭਾਰੀ ਸੱਟ ਮਾਰੀ ਹੈ।

ਮੋਦੀ ਸਰਕਾਰ ਨੇ ਅੰਬਾਨੀਆਂ , ਅਡਾਨੀਆਂ ਦੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਵੱਡੇ ਵੱਡੇ ਜਨਤਕ (ਸਰਕਾਰੀ) ਅਦਾਰੇ ਵੇਚ ਦਿੱਤੇ ਹਨ । ਬੇਰੁਜ਼ਗਾਰੀ , ਮਹਿੰਗਾਈ , ਭ੍ਰਿਸ਼ਟਾਚਾਰ ਸਾਰੇ ਹੱਦਾਂ ਬੰਨੇ ਤੋੜ ਰਹੇ ਹਨ । ਜੇਕਰ ਇਸ ਵਾਰ ਇਸ ਸਰਕਾਰ ਨੂੰ ਗੱਦੀ ਤੋਂ ਨਾ ਲਾਹਿਆ ਗਿਆ ਤਾਂ ਇਹ ਲੋਕ ਸਾਡੇ ਸੰਵਿਧਾਨ ਨੂੰ ਹੀ ਬਦਲ ਦੇਣਗੇ ਅਤੇ ਲੋਕਤੰਤਰ ਨੂੰ ਖਤਮ ਕਰ ਦੇਣਗੇ। ਇਸ ਮੌਕੇ ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਝਾੜੂ ਪਾਰਟੀ ਦੀ ਸਰਕਾਰ ਦੇ ਮੰਤਰੀਆਂ , ਵਿਧਾਇਕਾਂ ਅਤੇ ਆਗੂਆਂ ਨੇ ਚਰਿਤਰਹੀਨਤਾ ਦੇ ਕਾਰਨਾਮੇ ਕਰਕੇ ਪੰਜਾਬ ਦੀ ਮਾਣ ਮਰਿਆਦਾ ਨੂੰ ਹੀ ਨਸ਼ਟ ਕਰ ਦਿੱਤਾ ਹੈ।
ਹਰ ਪਾਸੇ ਭ੍ਰਿਸ਼ਟਾਚਾਰ, ਧੱਕੇਸ਼ਾਹੀ, ਗੈਂਗਸਟਰਾਂ ਦੀਆਂ ਧੱਕੇਸ਼ਾਹੀਆਂ ਦੀ ਹੀ ਚਰਚਾ ਹੈ । ਕਿਸੇ ਦੀ ਜਾਨ, ਮਾਲ , ਇੱਜ਼ਤ ਸੁਰੱਖਿਅਤ ਨਹੀਂ । ਸਿਆਸੀ ਬਦਲਾਖੋਰੀਆਂ ਦਾ ਦੌਰ ਜਾਰੀ ਹੈ। ਇਹਨਾਂ ਤੇ ਹੋਰ ਲੋਕ ਵਿਰੋਧੀ ਕਾਰਵਾਈਆਂ ਕਰਕੇ ਪੰਜਾਬ ਦੇ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਗਿਆ ਹੈ । ਅਕਾਲੀ ਪਾਰਟੀ ਬਾਰੇ ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਅਜੇ ਵੀ ਭਾਜਪਾ ਵੱਲ ਨੂੰ ਪਿੱਛੇ ਮੁੜ ਮੁੜ ਵੇਖਦੇ ਹਨ ਜਿਸ ਕਾਰਨ ਅਕਾਲੀ ਦਲ ਦੀ ਭਰੋਸੇਯੋਗਤਾ ਕਮਜ਼ੋਰ ਹੋ ਚੁੱਕੀ ਹੈ ਤੇ ਲੋਕ ਇਸ ਤੇ ਵਿਸ਼ਵਾਸ ਨਹੀਂ ਕਰ ਰਹੇ । ਭਾਜਪਾ ਬਾਰੇ ਕਾਮਰੇਡ ਸੇਖੋਂ ਨੇ ਕਿਹਾ ਕਿ ਅਜਿਹੀ ਫਿਰਕੂ ਪਾਰਟੀ ਨੂੰ ਪੰਜਾਬੀ ਕਦੇ ਵੀ ਮੂੰਹ ਨਹੀਂ ਲਾਉਣਗੇ ।

ਕਾਮਰੇਡ ਸੇਖੋਂ ਨੇ ਪਿਛਲੇ ਸਮਿਆਂ ਵਿੱਚ ਪੰਜਾਬ ਚੋਂ ਪਾਰਲੀਮੈਂਟ ਵਿੱਚ ਪਹੁੰਚੇ ਮਾਸਟਰ ਭਗਤ ਰਾਮ , ਕਾਮਰੇਡ ਤੇਜਾ ਸਿੰਘ ਸੁਤੰਤਰ , ਕਾਮਰੇਡ ਭਾਨ ਸਿੰਘ ਭੌਰਾ ਵਰਗੇ ਕਮਿਊਨਿਸਟ ਆਗੂਆਂ ਦਾ ਵੀ ਜ਼ਿਕਰ ਕੀਤਾ । ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਸੀਪੀਆਈ ਅਤੇ ਸੀਪੀਆਈ (ਐਮ) ਦੇ ਚੋਣ ਸਮਝੌਤੇ ਅਤੇ ਦੋਹਾਂ ਪਾਰਟੀਆਂ ਵੱਲੋਂ ਬਾਕੀ ਨੌਂ ਲੋਕ ਸਭਾ ਸੀਟਾਂ ਤੇ ਕਾਂਗਰਸ ਪਾਰਟੀ ਦੀ ਹਿਮਾਇਤ ਕਰਨ ਦਾ ਫੈਸਲਾ ਕਰਨ ਨਾਲ ਪੰਜਾਬ ਦੀ ਸਿਆਸੀ ਸਥਿਤੀ ਹੀ ਬਦਲ ਗਈ ਹੈ ਤੇ ਅਜਿਹੇ ਹਾਲਾਤ ਬਣ ਗਏ ਹਨ ਕਿ ਇਥੋਂ ਭਾਜਪਾ , ਅਕਾਲੀ , ਆਪ ਜਾਂ ਕੋਈ ਹੋਰ ਪਾਰਟੀ ਇੱਕ ਵੀ ਸੀਟ ਜਿੱਤਣ ਦੀ ਸਥਿਤੀ ਵਿੱਚ ਨਹੀਂ ਰਹਿ ਗਏ । ਇਸ ਮੌਕੇ ਤੇ ਕਾਮਰੇਡ ਬਰਾੜ ਨੇ ਪੰਜਾਬ ਵਿੱਚ ਕਮਿਊਨਿਸਟਾਂ ਵੱਲੋਂ ਲੜੇ ਗਏ ਵੱਡੇ ਸੰਘਰਸ਼ਾਂ ਤੇ ਕੁਰਬਾਨੀਆਂ ਦਾ ਜ਼ਿਕਰ ਵੀ ਕੀਤਾ।
ਇਸ ਮੌਕੇ ਤੇ ਜਲੰਧਰ ( ਰੀ: ) ਲੋਕ ਸਭਾ ਹਲਕੇ ਦੇ ਉਮੀਦਵਾਰ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ ਵਲੋਂ ਵੀ ਸੰਬੋਧਨ ਕੀਤਾ ਗਿਆ। ਸੀਪੀਆਈ ( ਐਮ ) ਅਤੇ ਸੀਪੀਆਈ ਦੋਹਾਂ ਪਾਰਟੀਆਂ ਦੇ ਹੋਰ ਵੱਡੇ ਆਗੂ ਵੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।