9300 ਤੋਂ ਵੱਧ ਸਿਖ਼ਲਾਈ ਪ੍ਰਾਪਤ ਚੋਣ ਅਮਲਾ ਨਿਭਾਏਗਾ ਡਿਊਟੀ
ਚੋਣ ਡਿਊਟੀ ਨੂੰ ਕੌਮੀ ਫ਼ਰਜ਼ ਸਮਝਕੇ ਨਿਭਾਇਆ ਜਾਵੇ – ਵਿਸ਼ੇਸ਼ ਪੁਲਿਸ ਤੇ ਖ਼ਰਚਾ ਆਬਜ਼ਰਵਰ ਵੱਲੋਂ ਪੋਲਿੰਗ ਸਟਾਫ਼ ਨੂੰ ਸੱਦਾ
ਆਜ਼ਾਦ ਤੇ ਨਿਰਪੱਖ ਚੋਣਾਂ ਲਈ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਦਿੱਤਾ ਜ਼ੋਰ
ਵਿਸ਼ੇਸ਼ ਪੁਲਿਸ ਤੇ ਖਰਚਾ ਆਬਜ਼ਰਵਰਾਂ ਨੇ ਪੋਲਿੰਗ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸ਼ੱਕੀ ਬੈਂਕ ਲੈਣ-ਦੇਣ ਦੀ ਰੋਜ਼ਾਨਾ ਦੇ ਆਧਾਰ ‘ਤੇ ਕੀਤੀ ਜਾਵੇ ਜਾਂਚ
ਜਲੰਧਰ, 27 ਮਈ 2024- ਜਲੰਧਰ ਲੋਕ ਸਭਾ ਚੋਣ ਲਈ ਚੋਣ ਕਮਿਸ਼ਨ ਵੱਲੋਂ ਪੰਜਾਬ ਲਈ ਨਿਯੁਕਤ ਵਿਸ਼ੇਸ਼ ਪੁਲਿਸ ਆਬਜ਼ਰਵਰ ਸ੍ਰੀ ਦੀਪਕ ਮਿਸ਼ਰਾ ਅਤੇ ਵਿਸ਼ੇਸ਼ ਖਰਚਾ ਆਬਜ਼ਰਵਰ ਬੀ.ਆਰ. ਬਾਲਾਕ੍ਰਿਸ਼ਨਨ ਨੇ ਅਧਿਕਾਰੀਆਂ ਨੂੰ ਆਪਣੀ ‘ਰਾਸ਼ਟਰੀ ਡਿਊਟੀ’ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ 1 ਜੂਨ ਨੂੰ ਹੋਣ ਵਾਲੀ ਜਲੰਧਰ ਲੋਕ ਸਭਾ ਚੋਣ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।
ਪੁਲਿਸ ਆਬਜ਼ਰਵਰ ਸਤੀਸ਼ ਕੁਮਾਰ, ਜਨਰਲ ਆਬਜ਼ਰਵਰ ਜੇ. ਮੇਘਨਾਥ ਰੈਡੀ, ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ, ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਰਾਹੁਲ ਐਸ. ਅਤੇ ਐਸ.ਐਸ.ਪੀ. ਅੰਕੁਰ ਗੁਪਤਾ ਸਮੇਤ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਖਰਚਾ ਆਬਜ਼ਰਵਰਾਂ ਨਾਲ ਕੀਤੀ ਵਿਸਥਾਰਤ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਵੋਟਿੰਗ ਚੋਣ ਕਮਿਸ਼ਨ ਦੀ ਪ੍ਰਮੁੱਖ ਤਰਜੀਹ ਹੈ, ਜਿਸ ਨੂੰ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚੋਣ ਅਧਿਕਾਰੀ ਧਾਰਾ 144 ਤਹਿਤ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਹੋਣ ਦੇਣ ਤਾਂ ਜੋ ਹਰੇਕ ਵੋਟਰ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕੀਤੀ ਜਾ ਸਕੇ ਅਤੇ ਉਹ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਪਾ ਸਕਣ।
ਵੋਟਾਂ ਤੋਂ ਪਹਿਲਾਂ ਦੇ ਆਖਰੀ 3-4 ਦਿਨਾਂ ਨੂੰ ਮਹੱਤਵਪੂਰਣ ਪੜਾਅ ਕਰਾਰ ਦਿੰਦਿਆਂ ਵਿਸ਼ੇਸ਼ ਪੁਲਿਸ ਆਬਜ਼ਰਵਰ ਨੇ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ, ਫਲਾਇੰਗ ਸਕੁਐਡਜ਼, ਸਟੈਟਿਕ ਸਰਵੇਲੈਂਸ ਟੀਮਾਂ ਅਤੇ ਅੰਤਰ-ਜ਼ਿਲ੍ਹਾ ਚੈਕ ਪੋਸਟਾਂ ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ ਅਤੇ ਨਕਦੀ ਦੀ ਵਰਤੋਂ ਨੂੰ ਰੋਕਣ ਲਈ ਸ਼ਰਾਬ ਦੇ ਉਤਪਾਦਨ/ਸ਼ਰਾਬ ਦੇ ਠੇਕਿਆਂ ‘ਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਵਾਹਨਾਂ ਦੀ ਚੈਕਿੰਗ ਖਾਸ ਕਰ ਅੰਤਰ-ਜ਼ਿਲ੍ਹਾ ਨਾਕਿਆਂ ‘ਤੇ ਯਕੀਨੀ ਬਣਾਉਣ ਲਈ ਢੁੱਕਵੇਂ ਅਮਲ ਨੂੰ ਯਕੀਨੀ ਬਣਾਇਆ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਆਬਜ਼ਰਵਰਾਂ/ਆਰ.ਓ./ਏ.ਆਰ.ਓਜ਼/ਅਤੇ ਉਨ੍ਹਾਂ ਦੇ ਪੁਲਿਸ ਹਮਰੁਤਬਾ ਨੂੰ ਪੋਲਿੰਗ ਬੂਥਾਂ ਖਾਸ ਕਰ ਵਲਨਰੇਬਲ ਪੋਲਿੰਗ ਬੂਥਾਂ ਅਤੇ ਖਰਚੇ ਪੱਖੋਂ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਬੋਲਦਿਆਂ ਵਿਸ਼ੇਸ਼ ਖਰਚਾ ਆਬਜ਼ਰਵਰ ਬੀ. ਆਰ. ਬਾਲਾਕ੍ਰਿਸ਼ਨਨ ਨੇ ਸਹਾਇਕ ਖਰਚ ਆਬਜ਼ਰਵਰਾਂ ਨੂੰ ਕਿਹਾ ਕਿ ਬੈਂਕਿੰਗ ਅਤੇ ਫਾਇਨਾਂਸ ਕਾਰਪੋਰੇਸ਼ਨਾਂ ਦੇ ਲੈਣ-ਦੇਣ ‘ਤੇ ਬਾਜ਼ ਨਜ਼ਰ ਰੱਖੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਲੀਡ ਬੈਂਕ ਮੈਨੇਜਰ ਨੂੰ ਸ਼ੱਕੀ ਬੈਂਕ ਲੈਣ-ਦੇਣ ਸਬੰਧੀ ਰੋਜ਼ਾਨਾ ਆਧਾਰ ‘ਤੇ ਜਾਣਕਾਰੀ ਦੇਣ ਲਈ ਵੀ ਕਿਹਾ।
ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਨਿਯਮਿਤ ਤੌਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਪੋਸਟਾਂ ਦੀ ਪ੍ਰਮੋਸ਼ਨ/ਬੂਸਟਿੰਗ ‘ਤੇ ਹੋਏ ਖਰਚੇ ਨੂੰ ਉਮੀਦਵਾਰਾਂ ਦੇ ਖਾਤੇ ਵਿੱਚ ਗਿਣਿਆ ਜਾਵੇਗਾ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਸ਼ੇਸ਼ ਆਬਜ਼ਰਵਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਨਿਰਵਿਘਨ ਪੋਲਿੰਗ ਕਰਵਾਉਣ ਲਈ 9300 ਤੋਂ ਵੱਧ ਚੋਣ ਅਮਲੇ ਨੂੰ ਸਿਖ਼ਲਾਈ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ 1951 ਪੋਲਿੰਗ ਬੂਥਾਂ ’ਤੇ ਘੱਟੋ-ਘੱਟ ਸਹੂਲਤਾਂ ਜਿਵੇਂ ਰੈਂਪ, ਬਿਜਲੀ, ਪੀਣ ਵਾਲਾ ਪਾਣੀ, ਫਰਨੀਚਰ, ਵੋਟਰਾਂ ਲਈ ਛਾਂਦਾਰ ਵੇਟਿੰਗ ਏਰੀਆ, ਪਖਾਨੇ , ਵ੍ਹੀਲ ਚੇਅਰ ਦੀ ਸਹੂਲਤ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਛਬੀਲ, ਓ.ਆਰ.ਐਸ., ਕੂਲਰ ਅਤੇ ਵਾਧੂ ਪੱਖੇ ਆਦਿ ਮੁਹੱਈਆ ਕਰਵਾਏ ਜਾਣਗੇ।
ਜਲੰਧਰ ਦੇ ਪੁਲਿਸ ਕਮਿਸ਼ਨਰ ਰਾਹੁਲ ਐਸ ਅਤੇ ਐਸ.ਐਸ.ਪੀ. ਜਲੰਧਰ ਦਿਹਾਤੀ ਅੰਕੁਰ ਗੁਪਤਾ ਨੇ ਦੱਸਿਆ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਵੋਟਿੰਗ ਸ਼ਾਂਤਮਈ ਢੰਗ ਨਾਲ ਕਰਵਾਉਣ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਮੀਟਿੰਗ ਵਿੱਚ ਪ੍ਰਮੁੱਖ ਵਿਅਕਤੀਆਂ ਵਿੱਚ ਵਧੀਕ ਡੀ.ਈ.ਓ. ਮੇਜਰ ਡਾ. ਅਮਿਤ ਮਹਾਜਨ ਅਤੇ ਸਮੂਹ ਏ.ਆਰ.ਓਜ਼ ਵੀ ਮੌਜੂਦ ਸਨ।