ਨਾਕਿਆਂ ਉੱਪਰ ਵਾਹਨਾਂ ਦੀ ਜਾਂਚ ਦੀ ਕੀਤੀ ਸਮੀਖਿਆ
ਨਕੋਦਰ /ਜਲੰਧਰ , 20 ਮਈ 2024- ਜਲੰਧਰ ਲੋਕ ਸਭਾ ਹਲਕੇ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਆਬਜਰਵਰ ਜੇ ਮੇਘਨਾਥ ਰੈਡੀ ਵੱਲੋਂ ਅੱਜ ਨਕੋਦਰ ਤੇ ਜਲੰਧਰ ਸ਼ਹਿਰ ਵਿਖੇ ਪੋਲਿੰਗ ਕੇਂਦਰਾਂ ਦਾ ਦੌਰਾ ਕਰਕੇ ਪੋਲਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਉਨਾਂ ਨਕੋਦਰ ਵਿਖੇ ਸੁਰੱਖਿਆ ਦਸਤਿਆਂ ਵੱਲੋਂ ਲਗਾਏ ਗਏ ਨਾਕਿਆਂ ਉੱਪਰ ਵਾਹਨਾਂ ਦੀ ਕੀਤੀ ਜਾ ਰਹੀ ਜਾਂਚ ਦੀ ਵੀ ਸਮੀਖਿਆ ਕੀਤੀ ਤਾਂ ਜੋ ਚੋਣਾਂ ਦੌਰਾਨ ਪੈਸੇ , ਸ਼ਰਾਬ ਆਦਿ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ।

ਨਕੋਦਰ ਵਿਖੇ ਪੋਲਿੰਗ ਕੇਂਦਰਾਂ ਵਿਖੇ ਵੋਟਰਾਂ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਪੀਣ ਵਾਲੇ ਪਾਣੀ , ਜਾਣਕਾਰੀ ਹਿੱਤ ਲਗਾਏ ਜਾਣ ਵਾਲੇ ਬੋਰਡਾਂ , ਅੰਗਹੀਣਾਂ ਲਈ ਵੀਲ੍ਹ ਚੇਅਰਾਂ ਆਦਿ ਸਹੂਲਤਾਂ ਦੇ ਨਾਲ ਨਾਲ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।

ਉਨਾਂ ਵੱਖ – ਵੱਖ ਨਾਕਿਆਂ ਵਿਖੇ ਵਾਹਨਾਂ ਦੀ ਕੀਤੀ ਜਾ ਰਹੀ ਜਾਂਚ ਨੂੰ ਹੋਰ ਤੇਜ਼ ਕਰਨ ਤੇ ਸਟੈਟਿਕ ਸਰਵੀਲੈਂਸ ਟੀਮਾਂ ਨੂੰ ਹੋਰ ਮੁਸਤੈਦੀ ਨਾਲ ਡਿਊਟੀ ਨਿਭਾਉਣ ਲਈ ਕਿਹਾ । ਉਨਾਂ ਕਿਹਾ ਕਿ ਰਾਤ ਵੇਲੇ ਗਸ਼ਤ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਚੋਣ ਪ੍ਰਕ੍ਰਿਆ ਦੌਰਾਨ ਪੈਸੇ , ਨਸ਼ੇ ਆਦਿ ਦੀ ਢੋਆ ਢੁਆਈ ਤੇ ਪ੍ਰਭਾਵ ਨੂੰ ਰੋਕਿਆ ਜਾ ਸਕੇ । ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਗੁਰਸਿਮਰਨ ਸਿੰਘ ਤੇ ਡਾ. ਜੈ ਇੰਦਰ ਵੀ ਨਾਲ ਸਨ ।
ਕੈਪਸ਼ਨ – ਨਕੋਦਰ ਵਿਖੇ ਪੋਲਿੰਗ ਕੇਂਦਰਾਂ ਦਾ ਦੌਰਾ ਕਰਦੇ ਹੋਏ ਜਨਰਲ ਆਬਜਰਵਰ ਜੇ ਮੇਘਨਾਥ ਰੈਡੀ ।