ਅਧਿਕਾਰੀਆਂ ਨੂੰ ਨਿਰਵਿਘਨ ਲੋਕ ਸਭਾ ਚੋਣਾਂ ਕਰਵਾਉਣ ਲਈ ਵਿਸ਼ਵਾਸ ਬਹਾਲੀ ਲਈ ਉਪਰਾਲੇ ਵਧਾਉਣ ਲਈ ਵੀ ਕਿਹਾ
ਜ਼ਿਲ੍ਹਾ ਚੋਣ ਅਫ਼ਸਰ ਨੇ ਸੁਚਾਰੂ ਢੰਗ ਨਾਲ ਚੋਣਾਂ ਕਰਵਾਉਣ ਦਾ ਦਿੱਤਾ ਭਰੋਸਾ, ਕਿਹਾ ਪਹਿਲਾਂ ਹੀ ਵਿਆਪਕ ਪ੍ਰਬੰਧ ਯਕੀਨੀ ਬਣਾਏ
ਪੁਲਿਸ ਕਮਿਸ਼ਨਰ ਤੇ ਐਸ.ਐਸ.ਪੀ. ਨੇ ਸੁਰੱਖਿਆ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ-82 ਫੀਸਦੀ ਹਥਿਆਰ ਜਮ੍ਹਾ ਕਰਵਾਏ
ਜਲੰਧਰ, 16 ਮਈ 2024-ਜਲੰਧਰ ਲੋਕ ਸਭਾ ਚੋਣਾਂ 2024 ਲਈ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਪੁਲਿਸ ਆਬਜ਼ਰਵਰ ਸਤੀਸ਼ ਕੁਮਾਰ ਗਜਭੀਏ ਅਤੇ ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ ਨੇ ਅਧਿਕਾਰੀਆਂ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਅੰਕੁਰ ਗੁਪਤਾ ਸਮੇਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਬਜ਼ਰਵਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇੰਤਜ਼ਾਮ ਖਾਸ ਕਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦ ਅਤੇ ਨਿਰਪੱਖ/ਸ਼ਾਂਤਮਈ ਵੋਟਿੰਗ ਸਿਹਤੰਮਦ ਲੋਕਤੰਤਰ ਦਾ ਆਧਾਰ ਹੈ, ਜਿਸ ਨੂੰ ਹਰ ਕੀਮਤ ’ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਦੀ ਅਤੇ ਸ਼ਰਾਬ ਦੇ ਗੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਟੀਮਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਵਿਸ਼ਵਾਸ ਬਹਾਲੀ ਲਈ ਉਪਰਾਲੇ ਵਧਾਏ ਜਾਣ ਤਾਂ ਜੋ ਲੋਕ ਬਿਨਾਂ ਕਿਸੇ ਡਰ, ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।
ਖਰਚਾ ਆਬਜ਼ਰਵਰ ਨੇ ਐੱਫ.ਐੱਸ.ਟੀ. ਅਤੇ ਐੱਸ.ਐੱਸ.ਟੀ. ਟੀਮਾਂ ਨੂੰ ਅਜਿਹੇ ਖੇਤਰਾਂ, ਜਿਨ੍ਹਾਂ ਦੀ ਪਛਾਣ ਖਰਚੇ ਪੱਖੋਂ ਸੰਵੇਦਨਸ਼ੀਲ ਖੇਤਰਾਂ ਵਜੋਂ ਹੋਈ ਹੈ, ਵਿਖੇ ਵਧੇਰੇ ਚੌਕਸ ਰਹਿਣ ਲਈ ਕਿਹਾ। ਇਸ ਤੋਂ ਇਲਾਵਾ ਵੱਖ-ਵੱਖ ਟੀਮਾਂ ਦੇ ਨਾਲ-ਨਾਲ ਮੁੱਖ ਦਫ਼ਤਰ ਦੇ ਨਾਲ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਸਬੰਧੀ ਆਬਜ਼ਰਵਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਡਾ. ਅਗਰਵਾਲ ਨੇ ਦੱਸਿਆ ਕਿ ਜਲੰਧਰ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਥੇ 1951 ਪੋਲਿੰਗ ਬੂਥਾਂ ’ਤੇ 16 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਪਾ ਸਕਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਵਲਨਰੇਬਲ ਖੇਤਰਾਂ ਦੀ ਪਛਾਣ, ਚੋਣ ਅਮਲੇ ਦੀ ਰੈਂਡਮਾਈਜ਼ੇਸ਼ਨ, ਐਫ.ਐਸ.ਟੀ., ਵੀ.ਵੀ.ਟੀ. ਅਤੇ ਹੋਰ ਟੀਮਾਂ ਦੀ ਤਾਇਨਾਤੀ ਆਦਿ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਗੜਬੜੀ ਪੈਦਾ ਕਰਨ ਵਾਲੇ ਵਿਅਕਤੀਆਂ ’ਤੇ ਬਾਜ਼ ਨਜ਼ਰ ਰੱਖਣ ਲਈ ਸਹਾਇਕ ਰਿਟਰਨਿੰਗ ਅਫ਼ਸਰ ਆਪਣੇ ਪੁਲਿਸ ਹਮਰੁਤਬਾ ਅਧਿਕਾਰੀਆਂ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਹੇ ਹਨ।
ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਦੱਸਿਆ ਕਿ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਰੋਕਥਾਮ ਸਬੰਧੀ ਕਾਰਵਾਈਆਂ, ਫੋਰਸਾਂ ਦੀ ਤਾਇਨਾਤੀ ਅਤੇ 19 ਅੰਤਰ-ਜ਼ਿਲ੍ਹਾ ਨਾਕੇ ਲਗਾਉਣ ਤੋਂ ਇਲਾਵਾ 82 ਫੀਸਦੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਚਾਰ ਯੋਜਨਾਵਾਂ ਲਾਗੂ ਕਰਨ ਦੇ ਨਾਲ-ਨਾਲ ਕੁਇੱਕ ਰਿਸਪਾਂਸ ਟੀਮਾਂ (ਕਿਊ.ਆਰ.ਟੀ.) ਤਾਇਨਾਤ ਕੀਤੀਆਂ ਗਈਆਂ ਹਨ।
ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਡਾ. ਅਮਿਤ ਮਹਾਜਨ, ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਤੇ ਲਖਵਿੰਦਰ ਸਿੰਘ, ਸਮੂਹ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮਜ਼, ਡੀ.ਐਸ.ਪੀ. ਆਦਿ ਵੀ ਮੌਜੂਦ ਸਨ।
ਕੈਪਸ਼ਨ : ਪੁਲਿਸ ਆਬਜ਼ਰਵਰ ਸਤੀਸ਼ ਕੁਮਾਰ ਗਜਭੀਏ ਅਤੇ ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਅੰਕੁਰ ਗੁਪਤਾ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।