ਜਲੰਧਰ , 8 ਮਈ 2024-ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਲੋਕ ਸਭਾ ਹਲਕੇ ਲਈ ਨਿਯੁਕਤ ਖ਼ਰਚਾ ਆਬਜਰਵਰ ਸ੍ਰੀ ਮਾਧਵ ਦੇਸ਼ਮੁਖ (ਆਈ ਆਰ ਐਸ 2009 ਬੈਚ) ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਵਲੋਂ ਖ਼ਰਚ ਉੱਪਰ ਨਿਗਰਾਨੀ ਲਈ ਤਾਇਨਾਤ ਵੱਖ ਵੱਖ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਨਕਦੀ ਦੀ ਆਵਾਜਾਈ / ਲੈਣ-ਦੇਣ ਉੱਪਰ ਕਰੜੀ ਨਿਗ੍ਹਾ ਰੱਖੀ ਜਾਵੇ ਤਾਂ ਜੋ ਪੈਸੇ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ ।
ਉਨਾਂ ਕਿਹਾ ਕਿ ਨਕਦੀ ਦੇ ਲ਼ੈਣ – ਦੇਣ , ਸ਼ਰਾਬ ਦੀ ਢੋਆ ਢੁਆਈ ਤੇ ਸਟੋਰੇਜ ਆਦਿ ਉੱਪਰ ਬਾਜ਼ ਅੱਖ ਰੱਖੀ ਜਾਵੇ ਤਾਂ ਜੋ ਵੋਟਰਾਂ ਨੂੰ ਕਿਸੇ ਲਾਲਚ ਨਾਲ ਪ੍ਰਭਾਵਿਤ ਕਰਨ ਦੀ ਸੰਭਾਵਨਾ ਨੂੰ ਖਾਰਜ ਕੀਤਾ ਜਾ ਸਕੇ ।
ਖ਼ਰਚਾ ਆਬਜਰਵਰ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਵੱਖ – ਵੱਖ ਅੰਤਰ ਵਿਭਾਗੀ ਟੀਮਾਂ ਵਿੱਚ ਆਪਸੀ ਤਾਲਮੇਲ ਬਿਹਤਰੀਨ ਹੋਵੇ ਤਾਂ ਜੋ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਸਕੇ ।
ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਉਨਾਂ ਕਿਹਾ ਕਿ ਕਿਸੇ ਵੀ ਸ਼ੱਕੀ ਲੈਣ ਦੇਣ ਬਾਰੇ ਤੁਰੰਤ ਸੂਚਨਾ ਸਾਂਝੀ ਕੀਤੀ ਜਾਵੇ । ਇਸ ਤੋਂ ਇਲਾਵਾ ਖ਼ਰਚਾ ਨਿਗਰਾਨ ਟੀਮਾਂ ਨੂੰ ਸਿਆਸੀ ਪਾਰਟੀਆਂ ਦੀਆਂ ਰੈਲੀਆਂ , ਜਲਸਿਆਂ , ਰੋਡ ਸ਼ੋਅ ਉੱਪਰ ਸਖ਼ਤ ਨਿਗਰਾਨੀ ਦੇ ਹੁਕਮ ਦਿੱਤੇ ਗਏ ਹਨ ।
ਉਨਾਂ ਕਿਹਾ ਕਿ ਖ਼ਰਚਾ ਨਿਗਰਾਨ ਟੀਮਾਂ ਚੋਣ ਕਮਿਸ਼ਨ ਦੀਆਂ ਅੱਖਾਂ ਤੇ ਕੰਨ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਹੀ ਪੈਸੇ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ ।
ਮੀਟਿੰਗ ਦੌਰਾਨ ਵੱਖ – ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨੇ ਭਾਗ ਲਿਆ ਜਿਸ ਵਿੱਚ ਮੁੱਖ ਤੌਰ ਉੱਪਰ ਪੁਲਿਸ , ਐਕਸਾਇਜ , ਜੀ ਐਸ ਟੀ , ਡਾਇਰੈਕਟਰ ਰੈਵੀਨਿਊ ਇੰਟੈਲੀਜੈਂਸ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਵੀ ਹਾਜ਼ਰ ਸਨ । ਇਸ ਮੌਕੇ ਨੋਡਲ ਅਫਸਰ ਅਮਰਜੀਤ ਬੈਂਸ ਵੀ ਹਾਜ਼ਰ ਸਨ ।